ਇਸ ਤੋਂ ਇਲਾਵਾ ਇਸ ਮਾਮਲੇ ਦਾ ਨੋਟਿਸ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਲੈ ਲਿਆ ਹੈ। ਮਹਿਲਾ ਕਮਿਸ਼ਨ ਨੇ 20 ਜੂਨ ਨੂੰ ਸਬੰਧਤ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਕੈਪਟਨ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਤੇ ਅਜਿਹੀਆਂ ਹਿੰਸਕ ਘਟਨਾਵਾਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ 'ਤੇ ਕਈ ਨੌਜਵਾਨਾਂ ਵੱਲੋਂ ਨੇ ਇੱਕ ਘਰ ਵਿੱਚ ਰਹਿੰਦੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਔਰਤ ਨੂੰ ਕੁੱਟਣ ਵਾਲੇ ਨੌਜਵਾਨਾਂ ਵਿੱਚੋਂ ਇੱਕ ਮੁਕਤਸਰ ਦੇ ਵਾਰਡ ਨੰਬਰ 29 ਦੇ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਹੈ। ਰਾਕੇਸ਼ ਚੌਧਰੀ ਕਾਂਗਰਸ ਪਾਰਟੀ ਨਾਲ ਸਬੰਧਤ ਹੈ। ਇਸ ਘਟਨਾ ਨੂੰ ਮਹਿਲਾ ਦੇ ਪੁੱਤਰ ਪਾਰਸ ਨੇ ਮੋਬਾਈਲ ਵਿੱਚ ਕੈਦ ਕਰ ਲਿਆ ਸੀ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਾਂਗਰਸੀ ਕੌਂਸਲਰ ਦਾ ਭਰਾ ਸੰਨੀ ਤੇ ਉਸ ਦੇ ਸਾਥੀ ਨੌਜਵਾਨ ਔਰਤ 'ਤੇ ਅਣਗਿਣਤ ਵਾਰ ਕਰਦੇ ਹਨ। ਨੌਜਵਾਨ ਬੈਲਟ ਦੇ ਨਾਲ-ਨਾਲ ਮੀਨਾ ਰਾਣੀ ਨੂੰ ਥੱਪੜ, ਘਸੁੰਨ ਤੇ ਲੱਤਾਂ ਵੀ ਮਾਰਦੇ ਹਨ।
ਪੜ੍ਹੋ ਪੂਰਾ ਮਾਮਲਾ- ਕੈਪਟਨ ਸਾਬ੍ਹ ਦੇਖੋ ਤੁਹਾਡੇ ਲੀਡਰਾਂ ਦਾ ਹਾਲ, ਕੌਂਸਲਰ ਦੇ ਭਰਾ ਨੇ ਔਰਤ ਨੂੰ ਕੁੱਟ-ਕੁੱਟ ਕੀਤਾ ਅਧਮੋਇਆ
ਕੌਂਸਲਰ ਰਾਕੇਸ਼ ਚੌਧਰੀ ਇਹ ਵੀ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਜਿਸ ਔਰਤ ਨਾਲ ਉਸ ਦੇ ਭਰਾ ਨੇ ਕੁੱਟ ਮਾਰ ਕੀਤੀ ਹੈ ਉਹ ਵੀ ਉਨ੍ਹਾਂ ਦੀ ਰਿਸ਼ਤੇਦਾਰ ਹੈ ਅਤੇ ਇਹ ਮਾਮਲਾ ਉਨ੍ਹਾਂ ਦਾ ਆਪਸੀ ਹੈ। ਆਪਣੇ ਭਰਾ ਦਾ ਪੱਖ ਲੈਂਦਿਆਂ ਕਾਂਗਰਸੀ ਲੀਡਰ ਨੇ ਇਹ ਵੀ ਕਹਿ ਦਿੱਤਾ ਕਿ ਉਸ ਦਾ ਭਰਾ ਕਿਹੜਾ ਕਿਰਪਾਨਾਂ ਲੈ ਕੇ ਗਿਆ ਸੀ, ਗੁੱਸਾ ਸੀ ਕੱਢ ਦਿੱਤਾ। ਘਟਨਾ ਦੀ ਵੀਡੀਓ ਵੱਡੇ ਪੱਧਰ 'ਤੇ ਵਾਇਰਲ ਹੋਈ ਸੀ ਅਤੇ ਹੁਣ ਇਸ ਮਾਮਲੇ 'ਤੇ ਕੈਪਟਨ ਨੇ ਵੀ ਐਕਸ਼ਨ ਲੈ ਲਿਆ ਹੈ।