ਮੁੱਖ ਮੰਤਰੀ ਨੇ ਜੇਲ੍ਹਾਂ ਦੀ ਸੁਰੱਖਿਆ ਬਾਰੇ ਜੇਲ੍ਹਾਂ, ਵਿੱਤ ਵਿਭਾਗ ਦੇ ਮੁਖੀਆਂ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਕੀਤੀ। ਇਸ ਮੌਕੇ ਕੈਪਟਨ ਨੇ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦੇ ਮੁਲਾਜ਼ਮਾਂ ਨੂੰ ਭੇਜੇਗੀ। ਨਾਭਾ ਜੇਲ੍ਹ ਵਿੱਚ ਡੇਰਾ ਪ੍ਰੇਮੀ ਤੇ ਬਰਗਾੜੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਅਤੇ ਲੁਧਿਆਣਾ ਜੇਲ੍ਹ ਵਿੱਚ ਕੈਦੀਆਂ ਦੇ ਹੰਗਾਮੇ ਮਗਰੋਂ ਜੇਲ੍ਹਾਂ ਵਿੱਚ ਸੂਹੀਆ ਵਿਭਾਗ ਦੀ ਤਾਇਨਾਤੀ ਦੀ ਮੰਗ ਉੱਠੀ ਸੀ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕੇਸਾਂ ਦੀ ਪੈਰਵੀ ਦੌਰਾਨ ਹਿਰਾਸਤ ਵਿੱਚ ਜੇਲ੍ਹਾਂ ਵਿੱਚ ਰੱਖੇ ਗਏ ਗੈਂਗਸਟਰਾਂ ਅਤੇ ਗਰਮਖਿਆਲੀਆਂ ਨੂੰ ਹੋਰਨਾਂ ਕੈਦੀਆਂ ਤੋਂ ਵੱਖ ਰੱਖਿਆ ਜਾਵੇ। ਮੁੱਖ ਮੰਤਰੀ ਚਾਹੁੰਦੇ ਹਨ ਕਿ ਇਨ੍ਹਾਂ ਨੂੰ ਸੂਬੇ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਭੇਜਿਆ ਜਾਵੇ ਤਾਂ ਜੋ ਜੇਲ੍ਹਾਂ ਵਿੱਚੋਂ ਅੱਤਵਾਦੀ, ਦਹਿਸ਼ਤੀ ਅਤੇ ਹੋਰਨਾਂ ਅਪਰਾਧਿਕ ਗਤੀਵਿਧੀਆਂ ਦੀ ਯੋਜਨਾ ਨਾ ਉਲੀਕੀਆਂ ਜਾ ਸਕਣ।
ਮੁੱਖ ਮੰਤਰੀ ਨੇ ਜੇਲ੍ਹ ਵਿਭਾਗ ਵਿੱਚ ਖਾਲੀ ਵਾਰਡਨਾਂ ਦੀਆਂ 700 ਅਸਾਮੀਆਂ ਨੂੰ ਭਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ 400 ਵਾਰਡਨਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਵਿੱਤ ਵਿਭਾਗ ਨੇ ਇਸ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਕੇਂਦਰ ਤੋਂ ਜੇਲ੍ਹਾਂ ਦੀ ਸੁਰੱਖਿਆ ਲਈ ਮਿਲੀਆਂ ਸੀਆਰਪੀਐਫ ਦੀਆਂ ਚਾਰ ਕੰਪਨੀਆਂ ਨੂੰ ਜਲਦ ਤੋਂ ਜਲਦ ਤਾਇਨਾਤ ਕੀਤੇ ਜਾਣ ਦੇ ਨਿਰਦੇਸ਼ ਵੀ ਦਿੱਤੇ।
ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹਾਂ ਵਿੱਚ ਕੰਟੀਨਾਂ ਤੇ ਹੋਰ ਥਾਂ ਤਾਇਨਾਤ ਪੈਸਕੋ (PESCO) ਮੁਲਾਜ਼ਮਾਂ ਵੱਲੋਂ ਕੈਦੀਆਂ ਲਈ ਮੋਬਾਈਲ ਫ਼ੋਨ ਭੇਜਣ ਦੇ ਮਾਮਲੇ 'ਤੇ ਵੀ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜੇਲ੍ਹ ਮੰਤਰੀ ਨੂੰ ਐਨਜੀਓਜ਼ ਨਾਲ ਰਲ ਕੇ ਕੈਦੀਆਂ ਨੂੰ ਸਾਰਥਕ ਕੰਮਾਂ ਵਿੱਚ ਲਾਉਣ ਦੀ ਯੋਜਨਾ ਬਣਾਉਣ ਲਈ ਕਿਹਾ। ਬੈਠਕ ਵਿੱਚ ਜੇਲ੍ਹ ਵਿਭਾਗ ਨੇ ਮੁੱਖ ਮੰਤਰੀ ਸਾਹਵੇਂ ਮੁਹਾਲੀ ਵਿੱਚ ਨਵੀਂ ਜੇਲ੍ਹ ਦੀ ਉਸਾਰੀ ਦਾ ਮੁੱਦਾ ਵੀ ਰੱਖਿਆ, ਜਿਸ 'ਤੇ ਫੈਸਲਾ ਹਾਲੇ ਨਹੀਂ ਹੋ ਸਕਿਆ।