ਇਮਰਾਨ ਖ਼ਾਨ
ਜਲੰਧਰ: ਕਪੂਰਥਲਾ ਦੇ ਪਿੰਡ ਨੰਗਲ ਲੁਬਾਨਾ ਦੀ ਪੰਚਾਇਤ ਵੱਲੋਂ ਲਾਇਆ ਗਿਆ ਐਂਟਰੀ ਟੈਕਸ ਇੱਕ ਮਹੀਨਾ ਵੀ ਨਾ ਚੱਲ ਸਕਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਨੋਟਿਸ ਭੇਜ ਕੇ ਟੈਕਸ ਕਲੈਕਸ਼ਨ 'ਤੇ ਰੋਕ ਲਾ ਦਿੱਤੀ ਹੈ। ਵਪਾਰਕ ਗੱਡੀਆਂ 'ਤੇ ਐਂਟਰੀ ਟੈਕਸ ਲਾ ਕੇ ਚਰਚਾ ਵਿੱਚ ਆਏ ਪਿੰਡ ਦੇ ਸਰਪੰਚ ਡਾ. ਅਜਮੇਰ ਸਿੰਘ ਐਂਟਰੀ ਟੈਕਸ ਨੂੰ ਸੋਧ ਕੇ ਲਾਗੂ ਕਰਨ ਦੇ ਮੂਡ ਵਿੱਚ ਹਨ।
ਪਿੰਡ ਦੇ ਲੋਕ ਪ੍ਰਸ਼ਾਸਨ ਦੇ ਟੈਕਸ ਰੱਦ ਕਰਨ ਵਾਲੇ ਫੈਸਲੇ ਤੋਂ ਵੀ ਸੰਤੁਸ਼ਟ ਜਾਪਦੇ ਹਨ। ਪਿੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਸਮੇਤ ਹੋਰ ਲੋਕਾਂ ਨੂੰ ਲੱਗਦਾ ਹੈ ਕਿ ਅਜਿਹਾ ਟੈਕਸ ਨਹੀਂ ਲੱਗਣਾ ਚਾਹੀਦਾ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਸਾਰੀਆਂ ਪੰਚਾਇਤਾਂ ਟੈਕਸ ਲਾਉਣ ਲੱਗੀਆਂ ਤਾਂ ਪੰਜਾਬ ਵਿੱਚ 12 ਹਜ਼ਾਰ ਪਿੰਡਾਂ ਵਿੱਚ ਵੱਖੋ-ਵੱਖਰਾ ਟੈਕਸ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤ ਨੂੰ ਪਹਿਲਾਂ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀਦੀ ਸੀ। ਅਸੀਂ ਸਰਕਾਰ ਨਾਲ ਗੱਲ ਕਰਦੇ ਫਿਰ ਵੇਖਿਆ ਜਾਂਦਾ ਕਿ ਟੈਕਸ ਲਾਉਣਾ ਹੈ ਜਾਂ ਨਹੀਂ। ਇਸ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।
ਨੰਗਲ ਲੁਬਾਨਾ ਵਿੱਚ ਟੈਕਸ ਲਾਉਣ ਵਾਲੇ ਸਰਪੰਚ ਡਾ. ਅਜਮੇਰ ਸਿੰਘ ਪੰਚਾਇਤ ਦੇ ਫੈਸਲੇ ਨੂੰ ਸਹੀ ਮੰਨਦੇ ਹਨ ਤੇ ਕਹਿੰਦੇ ਹਨ ਕਿ ਉਹ ਖਾਮੀਆਂ ਦੂਰ ਕਰਕੇ ਮੁੜ ਇਸ ਟੈਕਸ ਨੂੰ ਲਾਉਣਗੇ ਤੇ ਆਪਣੇ ਪਿੰਡ ਵਿੱਚ ਮਾਡਲ ਪਿੰਡ ਬਣਾਉਣਗੇ। ਡਾ. ਅਜਮੇਰ ਸਿੰਘ ਨੇ ਪਿੰਡ ਤੋਂ ਬਾਹਰੋਂ ਆਉਣ ਵਾਲੀਆਂ ਸਬਜ਼ੀ ਵਾਲੀਆਂ ਰੇਹੜੀਆਂ ਤੋਂ ਲੈ ਕੇ ਵੱਡੇ ਵਾਹਨਾਂ ਤੇ ਪਿੰਡ ਵਾਸੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਜ਼ੁਰਮਾਨਾ ਲਾਇਆ ਸੀ।
ਮਹੀਨਾ ਵੀ ਨਾ ਚੱਲਿਆ ਨੰਗਲ ਲੁਬਾਨਾ ਪੰਚਾਇਤ ਦਾ ਐਂਟਰੀ ਟੈਕਸ, ਲੱਗੀ ਰੋਕ
ਏਬੀਪੀ ਸਾਂਝਾ
Updated at:
04 Jul 2019 05:31 PM (IST)
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਸਾਰੀਆਂ ਪੰਚਾਇਤਾਂ ਟੈਕਸ ਲਾਉਣ ਲੱਗੀਆਂ ਤਾਂ ਪੰਜਾਬ ਵਿੱਚ 12 ਹਜ਼ਾਰ ਪਿੰਡਾਂ ਵਿੱਚ ਵੱਖੋ-ਵੱਖਰਾ ਟੈਕਸ ਹੋ ਜਾਵੇਗਾ।
- - - - - - - - - Advertisement - - - - - - - - -