ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਹੀਰੋ ਸਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਦੋ ਤਰੱਕੀਆਂ ਦੇ ਕੇ ਏਐਸਆਈ ਬਣਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਸਤਪਾਲ ਵਾਂਗ ਹੋਰਨਾਂ ਜੰਗੀ ਹੀਰੋਜ਼ ਨੂੰ ਪੁਲਿਸ ਵਿੱਚ ਤਰੱਕੀ ਦੇਣ ਬਾਰੇ ਵਿਚਾਰ ਕਰ ਰਹੀ ਹੈ। ਕੈਪਟਨ ਸਰਕਾਰ ਅਜਿਹੇ ਬਹਾਦਰਾਂ ਦੀ ਜਲਦੀ ਸ਼ਨਾਖ਼ਤ ਕਰੇਗੀ।


ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਬਹਾਦਰ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦੇਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਬਾਰੇ ਯੋਗ ਨੀਤੀ ਵੀ ਘੜੇਗੀ। ਕੈਪਟਨ ਨੇ ਇਹ ਸਭ ਸਤਪਾਲ ਸਿੰਘ ਦੇ ਮੋਢਿਆਂ 'ਤੇ ਏਐਸਆਈ ਦਾ ਸਿਤਾਰਾ ਲਾਉਂਦੇ ਕਿਹਾ।


ਇੱਥੇ ਰੌਚਕ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਦਾ ਜ਼ਿਕਰ ਕਾਰਗਿਲ ਦੀ ਜੰਗ ਬਾਰੇ ਲਿਖੀ ਆਪਣੀ ਕਿਤਾਬ ਵਿੱਚ ਵੀ ਕੀਤਾ ਹੋਇਆ ਹੈ। ਕੈਪਟਨ ਨੇ ਕਿਹਾ ਕਿ ਆਪਣੇ ਹੀਰੋਜ਼ ਦਾ ਬਣਦਾ ਮਾਣ ਬਹਾਲ ਕਰਨ ਲਈ ਚੁੱਕਿਆ ਜਾਣ ਵਾਲਾ ਇਹ ਕਦਮ ਦੇਰੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਤਪਾਲ ਨੂੰ ਇਹ ਸਥਾਨ ਸਾਲ 2010 ਵਿੱਚ ਉਨ੍ਹਾਂ ਦੀ ਭਰਤੀ ਸਮੇਂ ਹੀ ਮਿਲਣਾ ਚਾਹੀਦਾ ਸੀ।