ਚੰਡੀਗੜ੍ਹ: ਪੰਜਾਬ ਦੇ ਆਡਿਟ ਵਿਭਾਗ ਵੱਲੋਂ ਪੇਸ਼ ਕੀਤੀ ਰਿਪੋਰਟ 'ਚ ਨਸ਼ੇ ਖਿਲਾਫ਼ ਲੜਨ ਲਈ ਪੰਜਾਬ ਪੁਲਿਸ ਦੀ ਤਿਆਰੀ 'ਚ ਘਾਟ ਦੱਸੇ ਜਾਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਰਿਪੋਰਟ ਪੁਰਾਣੇ ਤੱਥਾਂ 'ਤੇ ਅਧਾਰਿਤ ਹੈ, ਜਦਕਿ ਪੰਜਾਬ ਪੁਲਿਸ ਕੋਲ ਨਸ਼ੇ ਖਿਲਾਫ਼ ਲੜਾਈ ਲੜਨ ਲਈ ਹਰ ਸਹੂਲਤ ਮੌਜੂਦ ਹੈ।


ਪੰਜਾਬ ਦੇ 2018 ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਕਿਹਾ,"ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਸੀਂ ਸਪੈਸ਼ਲ ਟਾਸਕ ਫੋਰਸ ਬਣਾਈ ਹੈ, ਜੋ ਕਿ ਆਪਣਾ ਕੰਮ ਠੀਕ ਕਰ ਰਹੀ ਹੈ।"

ਬਜਟ ਸੈਸ਼ਨ ਦੌਰਾਨ ਪੰਜਾਬ ਦੀ ਆਡਿਟ ਰਿਪੋਰਟ ਨੇ ਇਹ ਖ਼ੁਲਾਸਾ ਕੀਤਾ ਸੀ ਕਿ ਪੰਜਾਬ ਪੁਲਿਸ ਦੀ ਅਣਗਹਿਲੀ ਕਰ ਕੇ ਪੰਜਾਬ 'ਚ NDPS ਐਕਟ ਹੇਠ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਦਾਲਤਾਂ 'ਚੋਂ ਬਰੀ ਹੋ ਰਹੇ ਹਨ। ਰਿਪੋਰਟ ਮੁਤਾਬਿਕ ਪੰਜਾਬ ਪੁਲਿਸ ਨੂੰ ਨਸ਼ੇ ਦੇ ਇਸ ਕਾਨੂੰਨ ਬਾਰੇ ਜਾਣਕਾਰੀ ਘੱਟ ਹੋਣ ਕਰ ਕੇ ਅਦਾਲਤਾਂ 'ਚ ਕੇਸ ਡਿੱਗ ਰਹੇ ਹਨ।

ਰਿਪੋਰਟ ਦੇ ਇਸ ਤੱਥ 'ਤੇ ਜਵਾਬ ਦਿੰਦੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਥਿਤੀ ਹੁਣ ਬਹੁਤ ਬਿਹਤਰ ਹੈ। CAG ਰਿਪੋਰਟ ਪੁਰਾਣੇ ਫੰਕਸ਼ਨਿੰਗ ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ।