ਚੰਡੀਗੜ੍ਹ: ਕੇਂਦਰੀ ਮੰਤਰੀ ਐਮਜੇ ਅਕਬਰ ਤੋਂ ਬਾਅਦ #MeToo ਮੁਹਿੰਮ ਤਹਿਤ ਪੰਜਾਬ ਦੇ ਇੱਕ ਮੰਤਰੀ ਦੀ ਵੀ ਕੁਰਸੀ ਖੁੱਸਣ ਜਾ ਰਹੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ ਤੇ ਉਨ੍ਹਾਂ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਮਾਮਲਾ ਕੁਝ ਸਮਾਂ ਪੁਰਾਣਾ ਹੈ। ਉਕਤ ਕੈਬਨਿਟ ਮੰਤਰੀ ਉੱਪਰ ਮਹਿਲਾ ਅਫ਼ਸਰ ਨੂੰ ਮੋਬਾਈਲ ਸੁਨੇਹੇ ਭੇਜ ਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ ਸਨ। ਜਾਣਕਾਰੀ ਮਿਲਣ 'ਤੇ ਕੈਪਟਨ ਨੇ ਮੰਤਰੀ ਨੂੰ ਖੇਦ ਜਤਾਉਣ ਲਈ ਕਿਹਾ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।
ਹੁਣ ਕੈਪਟਨ ਅਮਰਿੰਦਰ ਸਿੰਘ ਆਪਣੇ ਇਜ਼ਰਾਈਲ ਦੇ ਦੌਰੇ ਤੋਂ ਪਰਤ ਕੇ ਇਸ ਮੰਤਰੀ ਨੂੰ 'ਸੇਵਾਮੁਕਤ' ਕਰ ਸਕਦੇ ਹਨ। ਪੂਰੀ ਦੁਨੀਆ ਵਿੱਚ ਜਿਣਸੀ ਸ਼ੋਸ਼ਣ ਵਿਰੁੱਧ ਔਰਤਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਇਹ ਮੁਹਿੰਮ ਹੁਣ ਪੰਜਾਬ ਦੇ ਮੰਤਰੀ ਦੀ ਬਲੀ ਲੈ ਸਕਦੀ ਹੈ। ਇਸ ਤੋਂ ਪਹਿਲਾਂ ਭਾਰਤ ਤੇ ਪੂਰੀ ਦੁਨੀਆ ਵਿੱਚ ਕਈ ਫ਼ਿਲਮੀ ਤੇ ਸੰਗੀਤਕ ਹਸਤੀਆਂ ਵੀ ਇਸ ਮੁਹਿੰਮ ਦੀ ਭੇਟ ਚੜ੍ਹ ਚੁੱਕੀਆਂ ਹਨ।