ਚੰਡੀਗੜ੍ਹ: ਪੰਜਾਬ ਸਰਕਾਰ ਨੇ ਟਰੈਕਟਰ ਨੂੰ ਟਰਾਂਸਪੋਰਟ ਵਾਹਨ ਵਜੋਂ ਰਜਿਸਟਰ ਕਰਨ ਦੇ ਪ੍ਰਸਤਾਵ ਦਾ ਵਿਰੋਧ ਕਰਦਿਆਂ ਇਸ ਨੂੰ ਕਿਸਾਨ ਵਿਰੋਧੀ ਦੱਸਿਆ ਹੈ।
ਰਾਜ ਦੇ ਖੇਤੀਬਾੜੀ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ ਵੱਲੋਂ ਕੇਂਦਰੀ ਟਰਾਂਸਪੋਰਟ ਮੰਤਰਾਲੇ ਨੂੰ ਭੇਜੇ ਪੱਤਰ ਰਾਹੀਂ ਸਪੱਸ਼ਟ ਕੀਤਾ ਗਿਆ ਹੈ ਕਿ ਟਰੈਕਟਰ ਖੇਤੀਬਾੜੀ ਦੇ ਕੰਮ ਲਈ ਵਰਤਿਆ ਜਾਣ ਵਾਲਾ ਵਾਹਨ ਹੈ ਅਤੇ ਇਸ ਦੀ ਟਰਾਂਸਪੋਰਟ ਵਾਹਨ ਵਜੋਂ ਰਜਿਸਟਰੇਸ਼ਨ ਕਰਨੀ ਉਚਿਤ ਨਹੀਂ ਹੋਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਇਹ ਵਾਹਨ ਬਣਾਇਆ ਹੀ ਖੇਤੀ ਦੇ ਕੰਮਾਂ ਲਈ ਹੈ। ਰਾਜ ਸਰਕਾਰ ਦੇ ਇਸ ਅਧਿਕਾਰੀ ਨੇ ਦਲੀਲ ਦਿੰਦਿਆਂ ਕਿਹਾ ਕਿ ਟਰੈਕਟਰ ਦੀ ਸਪੀਡ ਮੁਸ਼ਕਿਲ ਨਾਲ 15 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੁੰਦੀ ਹੈ ਅਤੇ ਕਿਸਾਨ ਇਸ ਦੀ ਵਰਤੋਂ ਖੇਤੀ ਕੰਮਾਂ ਲਈ ਹੀ ਕਰਦੇ ਹਨ। ਜੇਕਰ ਕਿਸਾਨ ਟਰੈਕਟਰ ਨੂੰ ਸੜਕ 'ਤੇ ਲੈ ਕੇ ਵੀ ਆਉਂਦਾ ਹੈ ਤਾਂ ਇਸ ਦੀ ਵਰਤੋਂ ਜਿਣਸਾਂ ਨੂੰ ਮੰਡੀ ਤੱਕ ਲਿਆਉਣ ਜਾਂ ਬਾਜ਼ਾਰ 'ਚੋਂ ਖਾਦ ਆਦਿ ਲਿਜਾਣ ਲਈ ਹੀ ਕਰਦਾ ਹੈ। ਇਸ ਮਾਮੂਲੀ ਵਰਤੋਂ ਨੂੰ ਟਰਾਂਸਪੋਰਟ ਦੇ ਧੰਦੇ ਦੀ ਵਰਤੋਂ ਨਹੀਂ ਕਿਹਾ ਜਾ ਸਕਦਾ।
ਰਾਜ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਪ੍ਰਸਤਾਵ ਮੁਤਾਬਕ ਜੇਕਰ ਟਰੈਕਟਰ ਨੂੰ ਨਾਨ-ਟਰਾਂਸਪੋਰਟ ਵਾਹਨ ਦੀ ਸ਼੍ਰੇਣੀ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਕਿਸਾਨ ਲਈ ਟਰੈਕਟਰ ਰੱਖਣਾ ਬਹੁਤ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਸੜਕ 'ਤੇ ਇਹ ਵਾਹਨ ਚਲਾਉਣ ਲਈ ਨਾ ਕੇਵਲ ਪਰਮਿਟ ਲੈਣਾ ਪਵੇਗਾ ਸਗੋਂ ਹਰ ਸਾਲ ਫੀਸ ਅਦਾ ਕਰਨੀ ਪਵੇਗੀ।