ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੀਆਂ ਕਿਆਸਰਾਈਆਂ ਵਿਚਾਲੇ ਅੱਜ ਉਨ੍ਹਾਂ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਮੈਂ ਪਾਰਟੀ ਬਣਾਉਣ ਜਾ ਰਿਹਾ ਹਾਂ ਪਰ ਮੈਨੂੰ ਅਜੇ ਨਾਂ ਨਹੀਂ ਪਤਾ। ਪਾਰਟੀ ਦੇ ਨਾਂ ਲਈ ਮੇਰੇ ਵਕੀਲ ਚੋਣ ਕਮਿਸ਼ਨ ਨਾਲ ਰਾਬਤਾ ਕਰ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਫ਼ਿਲਹਾਲ ਮੈਂ ਨਾ BJP ਤੇ ਨਾ ਹੀ ਢੀਂਡਸਾ ਧੜੇ ਨਾਲ ਇਸ ਬਾਰੇ ਗੱਲ ਕੀਤੀ ਹੈ। 


ਉਨ੍ਹਾਂ ਦਾਅਵਾ ਕੀਤਾ ਕਿ ਅਸੀਂ 117 ਸੀਟਾਂ ‘ਤੇ ਚੋਣਾਂ ਲੜਾਂਗੇ। ਕੈਪਟਨ ਨੇ ਕਿਹਾ ਅਸੀਂ ਬਹੁਤ ਸਾਰੇ ਕਾਂਗਰਸੀ ਲੀਡਰਾਂ ਦੇ ਸੰਪਰਕ ‘ਚ ਹਾਂ। ਨਵਜੋਤ ਸਿੱਧੂ ਜਿੱਥੋਂ ਵੀ ਲੜੇਗਾ, ਅਸੀਂ ਉਸ ਖ਼ਿਲਾਫ ਲੜਾਂਗੇ। ਕੈਪਟਨ ਨੇ ਸਿੱਧੂ ਖ਼ਿਲਾਫ਼ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਸਰਵੇ  ਮੁਤਾਬਕ ਕਾਂਗਰਸ ਦੀ ਪ੍ਰਸਿੱਧੀ ਸਿੱਧੂ ਕਰਕੇ 20 ਫੀਸਦ ਘਟੀ ਹੈ। 


ਕੈਪਟਨ ਨੇ ਕਿਸਾਨੀ ਮਸਲੇ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਮੈਂ 10 ਸਾਲ ਖੇਤੀ ਮੰਤਰੀ ਰਿਹਾ, ਮੈਨੂੰ ਕਿਸਾਨਾਂ ਬਾਰੇ ਪਤਾ ਹੈ। ਉਨ੍ਹਾਂ ਦੱਸਿਆ ਗ੍ਰਹਿ ਮੰਤਰੀ ਨਾਲ ਵੀਰਵਾਰ ਮੀਟਿੰਗ ਹੈ। ਮੇਰੇ ਨਾਲ 25-30 ਬੰਦੇ ਵੀ ਜਾਣਗੇ ਤੇ ਕਿਸਾਨ ਅੰਦੋਲਨ ਦੇ ਹੱਲ ਬਾਬਤ ਗੱਲ ਕਰਾਂਗੇ।


ਕੈਪਟਨ ਦੇ ਅਹੁਦੇ ਤੋਂ ਲਾਂਭੇ ਹੋਣ ਮਗਰੋਂ ਕੰਨੀ ਕੈਬਨਿਟ ਦਾ ਹਿੱਸਾ ਬਣੇ ਮੰਤਰੀਆਂ ਤੇ ਚੁਟਕੀ ਲੈਂਦਿਆਂ ਕੈਪਟਨ ਨੇ ਕਿਹਾ ‘ਕੈਬਨਿਟ ਦਾ ਹਿੱਸਾ ਰਹੇ ਲੋਕਾਂ ਵੱਲੋਂ ਛੋਟੀਆਂ ਗੱਲਾਂ ਕੀਤੀਆਂ ਜਾ ਰਹੀਆਂ’ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਾਬਤ ਫਿਕਰ 'ਤੇ ਇਹ ਮੇਰਾ ਮਖੌਲ ਉਡਾਉਂਦੇ ਹਨ। ਸਾਬਕਾ ਮੁੱਖ ਮੰਤਰੀ ਨੇ ਸੁਖਜਿੰਦਰ ਰੰਧਾਵਾ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ 1 ਮਹੀਨੇ ਦੇ ਗ੍ਰਹਿ ਮੰਤਰੀ ਕਹਿੰਦੇ ਉਨ੍ਹਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੈ। ਜਦਕਿ ਮੈਨੂੰ ਫੌਜ ਤੇ ਮੁੱਖ ਮੰਤਰੀ ਵਜੋਂ ਸਾਢੇ 9 ਸਾਲ ਦਾ ਤਜ਼ਰਬਾ ਹੈ।


ਕੈਪਟਨ ਨੇ ਕਿਹਾ ਡ੍ਰੋਨ ਵਾਲਾ ਸਿਸਟਮ ਬਹੁਤ ਖ਼ਤਰਨਾਕ ਹੈ। ਉਨ੍ਹਾਂ BSF ਨੂੰ ਦਿੱਤੇ ਵੱਧ ਅਧਿਕਾਰਾਂ ਦੀ ਕੀ ਵਕਾਲਤ ਕਰਦਿਆਂ ਕਿਹਾ, ‘ਪੰਜਾਬ ਪੁਲਿਸ ਫਸਟ ਕਲਾਸ ਫੋਰਸ ਹੈ ਪਰ ਕਈ ਚੀਜ਼ਾਂ ਲਈ ਉਹ ਟ੍ਰੇਨ ਨਹੀਂ’। ਉਨ੍ਹਾਂ ਕਿਹਾ ਖਾਲਿਸਤਾਨੀ ਤੇ ਪਾਕਿਸਤਾਨੀ ਇਕੱਠੇ ਕੰਮ ਕਰ ਰਹੇ ਹਨ। ਸੁਰੱਖਿਆ ਦੇ ਮਸਲੇ 'ਤੇ ਮਖੌਲ ਸਰਕਾਰ ਦਾ ਗੈਰ ਜ਼ਿੰਮੇਦਾਰਨਾ ਰਵੱਈਆ ਹੈ। ਕੈਪਟਨ ਨੇ ਆਪਣੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਕਿਹਾ ਮੇਰੇ ਵੇਲੇ ਪਾਕਿਸਤਾਨ ਤੋਂ ਆਏ ਬਹੁਤ ਹਥਿਆਰ ਤੇ ਨਸ਼ਾ ਫੜਿਆ ਗਿਆ। 


ਅਮਰਿੰਦਰ ਸਿੰਘ ਨੇ ਕਿਹਾ ਹਰ ਪਾਰਟੀ ਦੀ ਜ਼ਿੰਮੇਵਾਰੀ ਕਿ ਸੁਰੱਖਿਆ ਦੇ ਮਸਲੇ 'ਤੇ ਸਰਕਾਰ ਦੀ ਮਦਦ ਕਰੇ ਕਿਉਂਕਿ ਸੂਬੇ ਦੀ ਸੁਰੱਖਿਆ ਸਿਆਸਤ ਦਾ ਵਿਸ਼ਾ ਨਹੀਂ। ਕੇਂਦਰ ਸਰਕਾਰ ਡ੍ਰੋਨ ਵਾਲੇ ਖ਼ਤਰੇ ਤੋਂ ਵਾਕਫ ਹੈ। 


ਕੈਪਟਨ ਨੇ ਦਾਅਵਾ ਕੀਤਾ ਕਿ 18 ਨੁਕਾਤੀ ਏਜੰਡਾ ਪੂਰਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਸਕੀਮਾਂ ‘ਤੇ ਖਰਚ ਕੀਤੇ ਗਏ ਪੈਸੇ ਦੇ ਅੰਕੜੇ ਕੀਤੇ ਸਾਂਝੇ। ਉਨ੍ਹਾਂ ਕਿਹਾ ਸਾਢੇ ਚਾਰ ਸਾਲਾਂ ‘ਚ ਅਸੀਂ ਬਹੁਤ ਸਾਰਾ ਕੰਮ ਕੀਤਾ ਹੈ। ਉਦਯੋਗਾਂ ਲਈ ਪੰਜਾਬ ਚੰਗੀ ਥਾਂ ਹੈ।


ਸੁਖਜਿੰਦਰ ਰੰਧਾਵਾ ਬਾਰੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਰੰਧਾਵਾ ਨੂੰ ਹੋਰ ਕੁਝ ਨਹੀਂ ਸੁਝਦਾ। ਚਾਰ ਸਾਲ ਜਦੋਂ ਮੰਤਰੀ ਸੀ ਉਦੋਂ ਨਹੀਂ ਸੁੱਝੀ ਉਸ ਨੂੰ। ਅਰੂਸਾ ਆਲਮ ਬਾਰੇ ਜਵਾਬ ਦਿੰਦਿਆਂ ਉਨਾਂ ਕਿਹਾ ਉਹ ਤਾਂ 16 ਸਾਲ ਤੋਂ ਇੱਥੇ ਆ ਰਹੀ ਹੈ। ਜੇ ਵੀਜ਼ਾ ਖੁੱਲੇ ਹੁੰਦੇ ਤਾਂ ਮੈਂ ਉਨ੍ਹਾਂ ਨੂੰ ਫਿਰ ਸੱਦਾ ਦੇਣਾ ਸੀ।