ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਬਾਦਲ ਪਰਿਵਾਰ ਨੂੰ ਬਚਾਉਣ ਸਬੰਧੀ ਲਾਏ ਦੋਸ਼ਾਂ ਨੂੰ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਾਦਲ-ਕੈਪਟਨ ਦੀ ਮਿਲੀ ਭੁਗਤ ਜੱਗ-ਜ਼ਾਹਰ ਹੈ, ਹੁਣ ਮੁੱਖ ਮੰਤਰੀ ਨੂੰ ਪੰਜਾਬ ਜਾਂ ਬਾਦਲਾਂ ਦੇ ਟੱਬਰ 'ਚੋਂ ਇੱਕ ਨੂੰ ਚੁਣਨਾ ਹੋਵੇਗਾ।


ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਜਵਾ ਬਾਰੇ ਮੁੱਖ ਮੰਤਰੀ ਦੇ ਪਲਟਵਾਰ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, 'ਪ੍ਰਤਾਪ ਸਿੰਘ ਬਾਜਵਾ ਨੇ ਬੇਬਾਕੀ ਨਾਲ ਸੱਚ ਬੋਲਣ ਦੀ ਹਿੰਮਤ ਦਿਖਾਈ ਹੈ, ਹਾਲਾਂਕਿ ਇਹ ਗੱਲ ਪੰਜਾਬ ਦੇ ਹਰ ਨਾਗਰਿਕ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦਾ ਪਰਿਵਾਰ ਪੂਰੀ ਤਰ੍ਹਾਂ ਇੱਕ-ਮਿੱਕ ਹਨ। ਪਿਛਲੇ ਇੱਕ ਦਹਾਕੇ ਤੋਂ ਇੱਕ-ਦੂਜੇ ਦੇ ਸਿਆਸੀ ਅਤੇ ਨਿੱਜੀ ਹਿੱਤਾਂ ਲਈ ਡਟ ਕੇ ਖੜਦੇ ਆਏ ਹਨ ਅਤੇ ਖੜੇ ਹਨ, ਪਰ ਹੁਣ ਇਹ 'ਫਰੈਂਡਲੀ ਮੈਚ' ਬਰਦਾਸ਼ਤ ਤੋਂ ਬਾਹਰ ਹੈ, ਇਸ ਲਈ ਕੈਪਟਨ-ਬਾਦਲਾਂ ਜਾਂ ਪੰਜਾਬ ਦੇ ਹਿੱਤਾਂ 'ਚੋਂ ਕੋਈ ਇੱਕ ਚੁਣ ਲੈਣ, ਅੰਤਿਮ ਫ਼ੈਸਲਾ ਪੰਜਾਬ ਦੇ ਲੋਕਾਂ ਨੇ ਆਪੇ ਹੀ ਕਰ ਦੇਣਾ ਹੈ।'


ਭਗਵੰਤ ਮਾਨ ਨੇ ਕਿਹਾ ਕਿ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਕੇਸ 'ਚ ਜੇ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਦਾ ਪੱਖ ਨਾ ਪੂਰਦੇ ਹੁੰਦੇ ਤਾਂ ਸੁਖਬੀਰ ਸਿੰਘ ਬਾਦਲ ਸਮੇਤ ਕਈ 'ਧੁਰੰਧਰ' ਅੰਦਰ ਹੋਣੇ ਸਨ। ਇਸੇ ਤਰ੍ਹਾਂ ਜੇਕਰ ਡਰੱਗ ਮਾਫ਼ੀਆ, ਲੈਂਡ ਮਾਫ਼ੀਆ, ਸੈਂਡ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ ਅਤੇ ਬਿਜਲੀ ਮਾਫ਼ੀਆ 'ਚ ਕੈਪਟਨ ਬਾਦਲ ਪਰਿਵਾਰ ਨਾਲ ਆਪਣੇ ਨਿੱਜੀ-ਸਿਆਸੀ ਸਵਾਰਥ ਨਾ ਸਾਂਝੇ ਕਰਦੇ ਤਾਂ ਬਾਦਲਾਂ ਦੇ ਸਾਰੇ ਟੱਬਰ ਸਮੇਤ ਇਨ੍ਹਾਂ ਦੇ ਅੱਧਿਓਂ-ਵੱਧ ਚੇਲੇ-ਚਪਟੇ ਜੇਲ੍ਹਾਂ 'ਚ ਮਿਲਦੇ।


ਭਗਵੰਤ ਮਾਨ ਨੇ ਇਹ ਵੀ ਤਾਅਨਾ ਮਾਰਿਆ ਕਿ ਪ੍ਰਤਾਪ ਬਾਜਵਾ 'ਤੇ ਪਲਟਵਾਰ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਉਸ ਦਿਨ ਕਿਉਂ ਚੁੱਪ ਰਹੇ ਜਦ ਵਿਧਾਨ ਸਭਾ ਸੈਸ਼ਨ ਤੇ ਵਿਧਾਇਕ ਦਲ ਦੀ ਬੈਠਕ 'ਚ ਦਰਜਨ ਭਰ ਕਾਂਗਰਸੀ ਵਿਧਾਇਕ ਤੇ ਮੰਤਰੀ ਬਾਦਲਾਂ ਨਾਲ ਫਰੈਂਡਲੀ ਮੈਚ ਬਾਰੇ ਮੂੰਹ 'ਤੇ ਖਰੀਆਂ-ਖਰੀਆਂ ਸੁਣਾ ਰਹੇ ਸਨ? ਮਾਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਕਮਾਲ ਹੈ ਜਿਸ ਨੇ ਬਾਦਲ ਕੈਪਟਨ ਫਰੈਂਡਲੀ ਮੈਚ ਦੀ ਪੋਲ ਖੋਲੀ ਸੀ ਤੇ ਅੱਜ ਬਹੁਤੇ ਕਾਂਗਰਸੀ ਵੀ 'ਆਪ' ਦੇ ਦੋਸ਼ਾਂ ਦੀ ਤਾਈਦ ਕਰਨ ਲੱਗੇ ਹਨ।