ਚੰਡੀਗੜ੍ਹ: ਪੰਜਾਬ (Punjab) ਦੇ 22 ਵਿੱਚੋਂ 7 ਜ਼ਿਲ੍ਹੇ ਅਜਿਹੇ ਹਨ, ਜਿੱਥੇ ਕੋਰੋਨਾਵਾਇਰਸ (Coronavirus) ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਪੂਰੇ ਦੇਸ਼ ’ਚ ਸਭ ਤੋਂ ਵੱਧ ਹੈ। ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਸਭ ਤੋਂ ਵੱਧ ਮੌਤਾਂ ਦਾ ਦਰਦ ਝੱਲਣ ਵਾਲੇ ਪਹਿਲੇ 10 ਜ਼ਿਲ੍ਹਿਆਂ ਵਿੱਚੋਂ ਵੀ ਪੰਜ ਪੰਜਾਬ ਦੇ ਹੀ ਹਨ। ਇਹ ਅੰਕੜੇ ਹੈਰਾਨ ਕਰਨ ਵਾਲੇ ਹਨ ਕਿਉਂਕਿ ਪੰਜਾਬ ਵਿੱਚ ਅਕਸਰ ਚੰਗੀਆਂ ਸਿਹਤ ਸਹੂਲਤਾਂ ਦਾ ਦਾਅਵਾ ਕੀਤਾ ਜਾਂਦਾ ਹੈ।


ਇਸ ਕਰਕੇ ਇਹ ਅੰਕੜੇ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਉਪਰ ਵੀ ਸਵਾਲ ਉਠਾਉਂਦੇ ਹਨ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਹੋਇਆ ਜਿਸ ਕਰਕੇ ਉਹ ਮੌਤ ਦੇ ਮੂੰਹ ਜਾ ਪਏ। ਪੰਜਾਬ ਦਾ ਸਿਹਤ ਮਹਿਕਮਾ ਕਈ ਵਿਵਾਦਾਂ ਵਿੱਚ ਰਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਆਮ ਲੋਕਾਂ ਉਪਰ ਸਖਤੀ ਤਾਂ ਕੀਤੀ ਪਰ ਸਿਹਤ ਸਹੂਲਤਾਂ ਦੇਣ ਵਿੱਚ ਫਾਡੀ ਰਹੀ।

ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਮੌਤ ਦਰ ਸਭ ਤੋਂ ਵੱਧ 3.2 ਫ਼ੀਸਦੀ ਹੈ। ਦੇਸ਼ ਵਿੱਚ 5.1% ਨਾਲ ਸਭ ਤੋਂ ਵੱਧ ਮੌਤ ਦਰ ਵਾਲੇ ਰੋਪੜ ਜ਼ਿਲ੍ਹੇ ਵਿੱਚ ਹੁਣ ਤੱਕ 2,721 ਪੌਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇੱਥੇ ਹੁਣ ਤੱਕ 136 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇੰਝ ਹੀ ਦੇਸ਼ ਵਿੱਚ ਦੂਜੇ ਨੰਬਰ ’ਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਹੈ, ਜਿੱਥੇ ਹੁਣ ਤੱਕ 106 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਇੱਥੇ ਮੌਤ ਦਰ 4.7 ਫ਼ੀਸਦੀ ਹੈ। ਤੀਜੇ ਸਥਾਨ ’ਤੇ ਤਰਨ ਤਾਰਨ ਜ਼ਿਲ੍ਹਾ ਹੈ, ਜਿੱਥੇ 94 ਕੋਰੋਨਾ ਮਰੀਜ਼ਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਹਨ ਤੇ ਇਸ ਦੀ ਮੌਤ ਦਰ 4.6 ਫ਼ੀਸਦੀ ਹੈ। ਸੰਗਰੂਰ ਤੇ ਕਪੂਰਥਲਾ ਦੋਵੇਂ ਜ਼ਿਲ੍ਹੇ ਚੌਥੇ ਤੇ ਪੰਜਵੇਂ ਨੰਬਰ ’ਤੇ ਹਨ, ਜਿੱਥੇ 181-181 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇੰਝ ਹੀ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਮੌਤ ਦਰ 4.0 ਫ਼ੀਸਦੀ ਤੇ 3.8 ਫ਼ੀਸਦੀ ਹੈ ਤੇ ਇਹ 7ਵੇਂ ਤੇ 9ਵੇਂ ਸਥਾਨ ’ਤੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904