ਬਰਨਾਲਾ: ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹਰਾਹ 'ਤੇ ਪਿੰਡ ਹੰਢਿਆਇਆ ਕੋਲ ਦੋ ਕਾਰਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਸ਼ਨਾਖ਼ਤ ਧੂਰੀ ਦੇ ਰਹਿਣ ਵਾਲੇ ਰਾਮ ਸਿੰਘ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ ਸੜਕ ਖਾਲੀ ਹੋਣ ਕਾਰਨ ਤੇਜ਼ ਰਫ਼ਤਾਰ ਜਾ ਰਹੀਆਂ ਕਾਰਾਂ ਦਰਮਿਆਨ ਟੱਕਰ ਹੋਣ ਨਾਲ ਇਹ ਹਾਦਸਾ ਵਾਪਰਿਆ। ਆਲਟੋ ਕਾਰ ਸਵਾਰ ਕਰਮਜੀਤ ਸਿੰਘ ਤੇ ਮ੍ਰਿਤਕ ਰਾਮ ਸਿੰਘ ਨੇ ਦੱਸਿਆ ਕਿ ਉਹ ਬਰਨਾਲਾ ਵਿੱਚ ਰਾਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਸਨ ਤੇ ਸਵੇਰੇ ਆਪਣੇ ਪਿੰਡ ਵਾਪਸ ਜਾ ਰਹੇ ਸਨ। ਹੰਢਿਆਇਆ ਚੌਕ ਪਹੁੰਚਦੇ ਹੀ ਉਨ੍ਹਾਂ ਦੀ ਟੱਕਰ ਰਿਟਜ਼ ਕਾਰ ਨਾਲ ਹੋ ਗਈ। ਦੋਵਾਂ ਕਾਰਾਂ ਵਿੱਚ ਸਵਾਰ ਪੰਜਾਂ ਜਣਿਆਂ ਦੇ ਕਾਫੀ ਸੱਟਾਂ ਵੱਜੀਆਂ।
ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਆਈ ਐਂਬੂਲੈਂਸ ਦੇ ਡਰਾਈਵਰ ਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਪੌਣੇ ਕੁ ਅੱਠ ਵਜੇ ਇਹ ਹਾਦਸਾ ਵਾਪਰਿਆ ਤੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਹੰਢਿਆਇਆ ਪੁਲਿਸ ਚੌਕੀ ਇੰਚਾਰਜ ਹਰਸਿਮਰਨ ਸਿੰਘ ਨੇ ਦੱਸਿਆ ਕਿ ਲੁਧਿਆਣਾ ਤੋਂ ਬਠਿੰਡਾ ਜਾ ਰਹੇ ਰਿਟਜ਼ ਕਾਰ ਦੇ ਚਾਲਕ ਮੁਨੀਸ਼ ਕੁਮਾਰ ਦੇ ਵੀ ਸੱਟਾਂ ਵੱਜੀਆਂ ਹਨ ਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।