ਬਠਿੰਡਾ: ਥਾਣਾ ਥਰਮਲ ਦੀ ਪੁਲੀਸ ਨੇ ਕੱਲ੍ਹ 'ਬਾਲ ਦਿਵਸ' ਮੌਕੇ ਪੰਜ ਬੱਚਿਆਂ ਨੂੰ ਗ੍ਰਿਫਤਾਰ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜਦੋਂ ਕੱਲ੍ਹ 'ਬਾਲ ਦਿਵਸ' ਦੇ ਸਮਾਗਮ ਕੀਤੇ ਜਾ ਰਹੇ ਸਨ, ਉਸ ਦੌਰਾਨ ਪੰਜ ਬੱਚੇ ਥਾਣਾ ਥਰਮਲ ਦੀ ਪੁਲੀਸ ਕੋਲ ਸਫਾਈ ਦੇ ਰਹੇ ਸਨ। ਇਨ੍ਹਾਂ ਬੱਚਿਆਂ ਦਾ ਏਨਾ ਕਸੂਰ ਹੀ ਹੈ ਕਿ ਉਨ੍ਹਾਂ ਨੇ 'ਰੱਬ ਜੀ ਥੱਲੇ ਆਓ' ਨਾਟਕ ਖੇਡ ਕੇ ਸੱਚੀ-ਸੁੱਚੀ ਕਿਰਤ ਕਰਨ ਦਾ ਸੁਨੇਹਾ ਦਿੱਤਾ ਸੀ।
ਕੁਝ ਲੋਕਾਂ ਨੇ ਬੱਚਿਆਂ ਦੀ ਨਾਟਕ ਮੰਡਲੀ 'ਤੇ ਕੇਸ ਦਰਜ ਕਰਾ ਦਿੱਤਾ ਸੀ। ਕੇਸ ਦਰਜ ਕਰਾਉਣ ਵਾਲਿਆਂ ਨੇ ਇਲਜ਼ਾਮ ਲਾਇਆ ਕਿ ਇਨ੍ਹਾਂ ਬੱਚਿਆਂ ਵੱਲੋਂ ਖੇਡੇ ਨਾਟਕ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ।
ਥਾਣਾ ਥਰਮਲ ਦੀ ਪੁਲੀਸ ਦਾ ਤਫਤੀਸ਼ੀ ਅਫਸਰ ਕਸ਼ਮੀਰ ਸਿੰਘ ਇਨ੍ਹਾਂ ਬੱਚਿਆਂ ਤੋਂ ਪਾਤਰ 'ਰੱਬ' ਦੇ ਕੱਪੜੇ ਮੰਗ ਰਿਹਾ ਸੀ ਜਦੋਂ ਕਿ ਬੱਚਿਆਂ ਨੇ ਆਖਿਆ ਕਿ ਉਹ ਤਾਂ ਕਿਰਾਏ 'ਤੇ ਕੱਪੜੇ ਲੈ ਕੇ ਆਉਂਦੇ ਹਨ। ਤਫਤੀਸ਼ੀ ਅਫਸਰ ਨੇ ਵਾਰੋ-ਵਾਰੀ ਸਾਰੇ ਬੱਚਿਆਂ ਤੋਂ ਕੱਪੜੇ ਮੰਗੇ। ਕੁਝ ਪਾਤਰਾਂ ਦੇ ਪਾਏ ਕੱਪੜੇ ਬੱਚਿਆਂ ਨੇ ਪੁਲੀਸ ਦੇ ਹਵਾਲੇ ਵੀ ਕਰ ਦਿੱਤੇ। ਜ਼ਿਲ੍ਹਾ ਅਦਾਲਤ ਦੇ ਹੁਕਮਾਂ 'ਤੇ ਇਹ ਬੱਚੇ ਅੱਜ ਥਾਣਾ ਥਰਮਲ 'ਚ ਜਾਂਚ ਲਈ ਸ਼ਾਮਲ ਹੋਏ।
ਤਫਤੀਸ਼ੀ ਅਫਸਰ ਨੇ ਦਸ ਸਾਲ ਦੇ ਬੱਚੇ ਗੁਰਨੂਰ ਸਿੰਘ ਜਿਸ 'ਤੇ ਧਾਰਾ 295 ਤਹਿਤ ਕੇਸ ਦਰਜ ਕਰ ਦਿੱਤਾ ਸੀ, ਤੋਂ ਨਾਟਕ ਦੇ ਪਾਤਰਾਂ ਦੇ ਕੱਪੜਿਆਂ ਬਾਰੇ ਪੁੱਛਗਿੱਛ ਕੀਤੀ। ਗਰਨੂਰ ਸਿੰਘ ਨਾਟਕ ਮੰਡਲੀ ਦਾ ਬਾਲ ਕਲਾਕਾਰ ਹੈ। ਨਾਟਕ ਮੰਡਲੀ ਦੇ ਗੁਰਨੂਰ ਤੋਂ ਇਲਾਵਾ ਅਨਮੋਲਦੀਪ (16) ਪਿੰਡ ਡੋਡ, ਸਟਾਲਿਨਜੀਤ ਸਿੰਘ (17) ਵਾਸੀ ਡੋਡ, ਗੁਰਬਿੰਦਰ ਸਿੰਘ ਅਤੇ ਹਰਜੋਤ ਸਿੰਘ ਵਾਸੀ ਫਰੀਦਕੋਟ ਤਫਤੀਸ਼ 'ਚ ਸ਼ਾਮਲ ਹੋਏ। ਇਨ੍ਹਾਂ ਬੱਚਿਆਂ ਤੇ ਨਾਟਕ ਦੇ ਡਾਇਰੈਕਟਰ ਕੀਰਤੀ ਕ੍ਰਿਪਾਲ ਸਿੰਘ 'ਤੇ ਪੁਲੀਸ ਨੇ ਧਾਰਾ 295,34 ਤਹਿਤ ਲੰਘੀ 28 ਸਤੰਬਰ ਨੂੰ ਕੇਸ ਦਰਜ ਕਰ ਲਿਆ ਸੀ। ਇਸ ਟੀਮ ਵੱਲੋਂ 25 ਸਤੰਬਰ ਨੂੰ ਬਠਿੰਡਾ ਵਿੱਚ ਨਾਟਕ ਖੇਡਿਆ ਗਿਆ ਸੀ। ਆਖਰੀ ਸੁਣਵਾਈ 16 ਨਵੰਬਰ ਨੂੰ ਹੋਣੀ ਹੈ।
ਇਹ ਬੱਚੇ ਘਬਰਾਏ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲੀ ਦਫਾ ਹੈ ਕਿ ਉਨ੍ਹਾਂ ਵੱਲੋਂ 'ਬਾਲ ਦਿਵਸ' ਮੌਕੇ ਕੋਈ ਨਾਟਕ ਨਹੀਂ ਖੇਡਿਆ ਗਿਆ ਹੈ। ਬੱਚਿਆਂ ਦੇ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਐਨ.ਕੇ.ਜੀਤ ਦਾ ਕਹਿਣਾ ਸੀ ਕਿ ਜੁਵੇਨਾਇਲ ਜਸਟਿਸ ਐਕਟ ਅਨੁਸਾਰ ਜਿਨ੍ਹਾਂ ਕੇਸਾਂ 'ਚ ਸੱਤ ਸਾਲ ਤੋਂ ਘੱਟ ਦੀ ਸਜ਼ਾ ਹੈ, ਉਨ੍ਹਾਂ ਕੇਸਾਂ 'ਚ ਬੱਚਿਆਂ 'ਤੇ ਐਫ.ਆਈ.ਆਰ ਹੀ ਦਰਜ ਨਹੀਂ ਹੋ ਸਕਦੀ ਅਤੇ ਨਾ ਹੀ ਪੁਲੀਸ ਗ੍ਰਿਫਤਾਰ ਕਰ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਨੇ ਕਿਸੇ ਐਕਟ ਦੀ ਕੋਈ ਪ੍ਰਵਾਹ ਨਹੀਂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਬੱਚਿਆਂ ਵੱਲੋਂ ਨਾਟਕ ਖੇਡਿਆ ਗਿਆ ਸੀ