ਪੜਚੋਲ ਕਰੋ
ਫ਼ਗਵਾੜਾ ਹਿੰਸਾ: ਇੰਟਰਨੈੱਟ ਸੇਵਾ ਨਹੀਂ ਹੋਵੇਗੀ ਬਹਾਲ

ਜਲੰਧਰ: ਫ਼ਗਵਾੜਾ ਵਿੱਚ ਡਾ. ਭੀਮ ਰਾਓ ਅੰਬੇਦਕਰ ਨੂੰ ਚੌਕ ਸਮਰਪਿਤ ਕਰਨ 'ਤੇ ਪੈਦਾ ਹੋਇਆ ਟਕਰਾਅ ਤੇ ਦਹਿਸ਼ਤ ਵਾਲਾ ਮਾਹੌਲ ਹੁਣ ਲਗਪਗ ਸ਼ਾਂਤ ਹੋ ਗਿਆ ਹੈ। ਪੁਲਿਸ ਨੇ ਖ਼ੂਨੀ ਟਕਰਾਅ ਵਾਲੇ ਮਾਮਲੇ ਵਿੱਚ 34 ਲੋਕਾਂ ਵਿਰੁੱਧ ਨਾਵਾਂ ਸਮੇਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕੇਸ ਹਿੰਸਾ ਤੇ ਭੰਨਤੋੜ ਕਰਨ ਵਾਲਿਆਂ ਦੀ ਪਛਾਣ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਭੰਨਤੋੜ ਦਾ ਸ਼ਿਕਾਰ ਪੁਲਿਸ ਮੁਲਾਜ਼ਮਾਂ ਦੀਆਂ ਆਪਣੀਆਂ ਕਾਰਾਂ ਵੀ ਹੋਈਆਂ ਸਨ। ਹਾਲਾਂਕਿ, ਮਾਹੌਲ ਹੁਣ ਠੀਕ ਹੈ ਪਰ ਫਿਲਹਾਲ ਪ੍ਰਸ਼ਾਸਨ ਨੇ ਦੁਆਬਾ ਦੇ ਚਾਰ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਰੱਖਣ ਦਾ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਅਫ਼ਵਾਹਾਂ ਨੂੰ ਕਾਬੂ ਵਿੱਚ ਰੱਖਣ ਤੇ ਕਿਸੇ ਅਣਸੁਖਾਵੀਂ ਘਟਨਾ ਨਾ ਵਾਪਰਨ ਦੇਣ ਲਈ ਬੀਤੇ ਕੱਲ੍ਹ ਤੋਂ ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕੀਤੀ ਹੋਈ ਸੀ, ਜਿਸ ਨੂੰ ਬਹਾਲ ਕਰਨ ਬਾਰੇ ਅੱਜ ਸ਼ਾਮ ਫ਼ੈਸਲਾ ਕੀਤਾ ਜਾਵੇਗਾ। ਅੱਜ ਐਤਵਾਰ ਦਾ ਦਿਨ ਹੋਣ ਕਾਰਨ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਇਸ ਕਰ ਕੇ ਮਾਹੌਲ ਠੀਕ ਰਿਹਾ। ਸ਼ੁੱਕਰਵਾਰ ਸ਼ਾਮ ਤੋਂ ਦਲਿਤ ਸਮਾਜ ਫ਼ਗਵਾੜਾ ਦੇ ਇੱਕ ਚੌਕ ਦਾ ਨਾਂਅ ‘ਸੰਵਿਧਾਨ ਚੌਕ’ ਰੱਖਣਾ ਚਾਹੁੰਦਾ ਸੀ ਪਰ ਦੂਜੇ ਪਾਸੇ ਜਨਰਲ ਵਰਗ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਪੁਲਿਸ ਫੋਰਸ ਵੀ ਲੱਗੀ ਹੋਈ ਸੀ ਪਰ ਰਾਤ ਕਰੀਬ ਸਾਢੇ 11 ਵਜੇ ਦੋਵਾਂ ਧਿਰਾਂ ਵਿੱਚ ਇੱਟਾਂ-ਪੱਥਰ ਚੱਲਣ ਲੱਗ ਪਏ। ਭੀੜ ਵਿੱਚੋਂ ਕਿਸੇ ਨੇ ਫਾਇਰਿੰਗ ਵੀ ਕੀਤੀ, ਜਿਸ ਨਾਲ ਦੋ ਲੋਕ ਜ਼ਖ਼ਮੀ ਵੀ ਹੋਏ। ਜਦ ਤਕ ਪੁਲਿਸ ਮੌਕੇ ’ਤੇ ਕਾਬੂ ਪਾਉਂਦੀ, ਭੀੜ ਨੇ ਹਾਈਵੇ ਦੇ ਦੋਵੇਂ ਪਾਸੇ ਖੜ੍ਹੀਆਂ ਗੱਡੀਆਂ ਨਦੀ ਤੋੜਭੰਨ ਕਰ ਦਿੱਤੀ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਗੱਡੀਆਂ ਪੁਲਿਸ ਮੁਲਾਜ਼ਮਾਂ ਦੀਆਂ ਹੀ ਸਨ। ਪੁਲਿਸ ਵੱਲੋਂ ਹਾਲਾਤ ’ਤੇ ਕਾਬੂ ਪਾਉਣ ਤੋਂ ਪਹਿਲਾਂ-ਪਹਿਲਾਂ ਇੱਥੇ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ।
ਹੋਰ ਪੜ੍ਹੋ























