ਰੌਬਟ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਸਾਂਸਦ ਪਤਨੀ ਪਰਨੀਤ ਕੌਰ, ਦੋ ਪੋਤੀਆਂ ਤੇ ਇੱਕ ਪੋਤੇ ਨੂੰ ਵੀ ਇਨਕਮ ਟੈਕਸ ਵਿਭਾਗ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ ਕਿ 20 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ 'ਚ ਖੇਤੀ ਕਾਨੂੰਨਾਂ ਵਿਰੁਧ ਬਿੱਲ ਪਾਸ ਕਰਨ ਮਗਰੋਂ ਕੇਂਦਰ ਦੀਆਂ ਏਜੰਸੀਆਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਨੋਟਿਸ ਭੇਜ ਰਹੀਆਂ ਹਨ।



ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਬੇਟੇ ਰਣਿੰਦਰ ਸਿੰਘ ਨੂੰ ED ਨੇ 27 ਅਕਤੂਬਰ ਨੂੰ ਜਲੰਧਰ ਦਫ਼ਤਰ 'ਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਹੁਣ ਰਣਿੰਦਰ ਸਿੰਘ 6 ਨਵੰਬਰ ਨੂੰ ED ਅੱਗੇ ਪੇਸ਼ ਹੋਣਗੇ। ਕੈਪਟਨ ਨੇ ਕੇਂਦਰ ਦੇ ਇਸ ਰਵੱਈਏ ਤੇ ਸਵਾਲ ਚੁੱਕੇ ਹਨ।




ਬੁੱਧਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਤੇ ਧਰਨੇ ਮਗਰੋਂ ਮੀਡੀਆ ਨਾਲ ਗੱਲ ਬਾਤ ਕਰਦੇ ਕੈਪਟਨ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਰਣਿੰਦਰ ਮਗਰੋਂ ਇਨਕਮ ਟੈਕਸ ਵਿਭਾਗ ਵਲੋਂ ਉਨ੍ਹਾਂ ਦੀ ਪਤਨੀ ਤੇ ਪੋਤੇ ਪੋਤੀਆਂ ਨੂੰ ਵੀ ਨੋਟਿਸ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਇਹ ਸਭ ਕੇਂਦਰ ਦੀਆਂ ਏਜੰਸੀਆਂ ਹਨ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਵਿਧਾਨ ਸਭਾ 'ਚ ਬਿੱਲ ਲਿਆਉਣ ਮਗਰੋਂ ਨੋਟਿਸ ਤੇ ਨੋਟਿਸ ਭੇਜ ਰਹੀਆਂ ਹਨ।