Opium cultivation: ਪੰਜਾਬ ਅੰਦਰ ਅਫੀਮ ਦੀ ਖੇਤੀ ਦਾ ਮੰਗ ਉੱਠ ਰਹੀ ਹੈ। ਵੀਰਵਾਰ ਨੂੰ ਇਸ ਬਾਰੇ ਵਿਧਾਨ ਸਭਾ ਵਿੱਚ ਵੀ ਖੂਬ ਚਰਚਾ ਹੋਈ। ਇਸ ਨੂੰ ਲੈ ਕੇ ਆਮ ਲੋਕਾਂ ਤੋਂ ਇਲਾਵਾ ਸਿਆਸੀ ਲੀਡਰਾਂ ਦੀ ਵੀ ਵੱਖ-ਵੱਖ ਰਾਏ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਅਫੀਮ ਦੀ ਖੇਤੀ ਨਾਲ ਜਿੱਥੇ ਕਿਸਾਨਾਂ ਨੂੰ ਲਾਭ ਹੋਏਗਾ, ਉੱਥੇ ਹੀ ਸਿੰਥੈਟਿਕ ਨਸ਼ਿਆਂ ਨੂੰ ਵੀ ਠੱਲ੍ਹ ਪਏਗੀ। ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਅਫੀਮ ਤੇ ਪੋਸਤ ਵੀ ਨਸ਼ੇ ਹਨ, ਇਸ ਲਈ ਇਸ ਦੀ ਖੇਤੀ ਉਪਰ ਪਾਬੰਦੀ ਹੀ ਰਹਿਣੀ ਚਾਹੀਦੀ ਹੈ। 


ਦੂਜੇ ਪਾਸੇ ਕੇਂਦਰ ਸਰਕਾਰ ਕੁਝ ਸੂਬਿਆਂ ਅੰਦਰ ਅਫੀਮ ਦੀ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਆਉਂਦੇ ਤਿੰਨ ਵਰ੍ਹਿਆਂ ਵਿੱਚ ਅਫੀਮ ਦੀ ਮੰਗ ਤੇ ਪ੍ਰੋਸੈਸਿੰਗ ਸਮਰੱਥਾ ਨੂੰ ਦੇਖਦੇ ਹੋਏ ਮੁਲਕ ਵਿੱਚ 1.45 ਲੱਖ ਕਿਸਾਨਾਂ ਨੂੰ ਲਾਇਸੈਂਸ ਜਾਰੀ ਕਰਨ ਬਾਰੇ ਯੋਜਨਾ ਬਣਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਲਾਭ ਹੋਏਗਾ।



ਹਾਸਲ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਸਾਲ 2023-24 ਲਈ ਪੋਸਤ ਦੀ ਖੇਤੀ ਵਾਸਤੇ ਤਿੰਨ ਸੂਬਿਆਂ ਦੇ 1.12 ਲੱਖ ਕਿਸਾਨਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚੋਂ ਮੱਧ ਪ੍ਰਦੇਸ਼ ਦੇ 54,500 ਕਿਸਾਨਾਂ, ਰਾਜਸਥਾਨ ਦੇ 47 ਹਜ਼ਾਰ ਕਿਸਾਨਾਂ ਤੇ ਉੱਤਰ ਪ੍ਰਦੇਸ਼ ਦੇ 10 ਹਜ਼ਾਰ ਕਿਸਾਨਾਂ ਨੂੰ ਪੋਸਤ ਦੀ ਕਾਸ਼ਤ ਕਰਨ ਲਈ ਲਾਇਸੈਂਸ ਜਾਰੀ ਹੋਏ ਹਨ। 



ਉਂਝ ਪੰਜਾਬ ਸਰਕਾਰ ਅਫੀਮ ਦੀ ਖੇਤੀ ਦੀ ਖੁੱਲ੍ਹ ਦੇਣ ਦੇ ਰੌਂਅ ਵਿੱਚ ਨਹੀਂ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਪੋਸਤ ਦੀ ਖੇਤੀ ਸ਼ੁਰੂ ਕਰਵਾਉਣ ਦੀ ਕੋਈ ਯੋਜਨਾ ਨਹੀਂ ਹੈ। ਦਰਅਸਲ ਪੰਜਾਬ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਪੋਸਤ ਦੀ ਖੇਤੀ ਬਾਰੇ ਕਾਫੀ ਚਰਚਾ ਹੋਈ। ਸੱਤਾਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਕਿ ਸਿੰਥੈਟਿਕ ਨਸ਼ਿਆਂ ਦੀ ਰੋਕਥਾਮ ਲਈ ਪੋਸਤ ਦੀ ਖੇਤੀ ਸਹਾਈ ਹੋ ਸਕਦੀ ਹੈ। 


ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪੋਸਤ ਦੀ ਖੇਤੀ ਦੀ ਤਾਈਦ ਕਰਦਿਆਂ ਕਿਹਾ ਕਿ ਸੂਬੇ ਵਿੱਚ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ ਤੇ ਸਿੰਥੈਟਿਕ ਨਸ਼ਾ ਇਨ੍ਹਾਂ ਮੌਤਾਂ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਪੋਸਤ ਦੀ ਖੇਤੀ ਹੁੰਦੀ ਹੈ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸ ਸਬੰਧੀ ਵਿਚਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਸਤ ਦੀ ਖੇਤੀ ਨਾਲ ਜਿੱਥੇ ਕਿਸਾਨ ਬਚੇਗਾ, ਉੱਥੇ ਹੀ ਜਵਾਨੀ ਵੀ ਬਚੇਗੀ। ਬਾਜ਼ੀਗਰ ਨੇ ਪੋਸਤ ਦੀ ਖੇਤੀ ਥਾਈਲੈਂਡ ਵਿੱਚ ਵੀ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਦਵਾਈਆਂ ਵਿੱਚ ਅਫ਼ੀਮ ਵਰਤੀ ਜਾਂਦੀ ਹੈ।


ਵਿਧਾਇਕ ਡਾ. ਚਰਨਜੀਤ ਸਿੰਘ ਨੇ ਵੀ ਪੋਸਤ ਦੀ ਖੇਤੀ ਬਾਰੇ ਹੁੰਗਾਰਾ ਭਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੋਸਤ ਦੀ ਖੇਤੀ ਬਾਰੇ ਮਾਹਿਰਾਂ ਦੀ ਰਾਇ ਲੈ ਸਕਦੀ ਹੈ ਤੇ ਇਸ ਮੁੱਦੇ ’ਤੇ ਪਹਿਲਾਂ ਸੈਮੀਨਾਰ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਪੋਸਤ ਦੀ ਖੇਤੀ ਬਾਰੇ ਵਿਚਾਰ-ਚਰਚਾ ਹੋਵੇ। ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੋਸਤ ਦੀ ਖੇਤੀ ਦੇ ਪੱਖ ਵਿੱਚ ਕਿਹਾ ਕਿ ਬਜ਼ੁਰਗ ਸਦੀਆਂ ਤੋਂ ਇਹ ਨਸ਼ਾ ਵਰਤਦੇ ਆ ਰਹੇ ਹਨ ਜਿਨ੍ਹਾਂ ਵੱਲੋਂ ਹੱਥੀਂ ਕੰਮ ਵੀ ਕੀਤਾ ਜਾਂਦਾ ਸੀ ਤੇ ਕਦੇ ਕੋਈ ਮੌਤ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਵੈਦ ਤੇ ਡਾਕਟਰ ਵੀ ਅਧਰੰਗ ਦੇ ਅਟੈਕ ਮੌਕੇ ਅਫ਼ੀਮ ਦੀ ਸਿਫ਼ਾਰਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਗ਼ੌਰ ਕਰਨੀ ਚਾਹੀਦੀ ਹੈ।