ਚੰਡੀਗੜ੍ਹ/ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਛੇਵੇਂ ਦਿਨ ਵੀ ਜਾਰੀ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀਆਂ ਵੱਖ-ਵੱਖ ਹੱਦਾਂ 'ਤੇ ਡੇਰਾ ਲਾ ਲਿਆ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਰਮਿਆਨ ਅੱਜ ਦੁਪਹਿਰ ਤਿੰਨ ਵਜੇ ਗੱਲਬਾਤ ਹੋਣੀ ਹੈ। ਇਸ ਮੀਟਿੰਗ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਸਰਕਾਰ ਦਾ ਪੱਖ ਰੱਖਣਗੇ ਤੇ ਕਿਸਾਨਾਂ ਨੂੰ ਬਿੱਲਾਂ ਸਬੰਧੀ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਦੱਸ ਦਈਏ ਕਿ ਇਹ ਗੱਲਬਾਤ ਦੁਪਹਿਰ 3 ਵਜੇ ਵਿਗਿਆਨ ਭਵਨ ਵਿਖੇ ਹੋਵੇਗੀ।
ਉਧਰ, ਪਿਛਲੇ 5-6 ਦਿਨਾਂ ਤੋਂ ਸਰਕਾਰ ਕੋਸ਼ਿਸ਼ ਕਰ ਰਹੀ ਸੀ ਕਿ ਕਿਸਾਨ ਸੜਕਾਂ ਤੋਂ ਉੱਠ ਜਾਣ ਤੇ ਬੁਰਾੜੀ ਗਰਾਉਂਡ 'ਚ ਚਲੇ ਜਾਣ ਪਰ ਕਿਸਾਨਾਂ ਨੇ ਸਰਕਾਰ ਦੀ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਸਰਕਾਰ ਗੱਲਬਾਤ ਲਈ ਰਾਜੀ ਹੋਈ ਹੈ। ਹੁਣ ਰਾਜਨਾਥ ਸਿੰਘ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨਗੇ। ਰਾਜਨਾਥ ਸਿੰਘ ਦਾ ਅਕਸ ਕਿਸਾਨ ਆਗੂ ਦਾ ਰਿਹਾ ਹੈ। ਅਜਿਹੇ ਮੁਸ਼ਕਲ ਸਮੇਂ ਵਿੱਚ ਸਰਕਾਰ ਨੇ ਉਨ੍ਹਾਂ ਨੂੰ ਅੱਗੇ ਕੀਤਾ ਹੈ। ਰਾਜਨਾਥ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਹੋਰ ਮੰਤਰੀ ਵੀ ਮੌਜੂਦ ਰਹਿਣਗੇ। ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ।
ਸਰਕਾਰ ਵੱਲੋਂ ਕਿਸਾਨਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ ਜਾਣਗੀਆਂ, ਐਮਐਸਪੀ ਦਾ ਭਰੋਸਾ ਦਿੱਤਾ ਜਾਵੇਗਾ। ਭਾਜਪਾ ਆਪਣੇ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਐਮਐਸਪੀ-ਮੰਡੀ ਦੇ ਮੁੱਦੇ ‘ਤੇ ਰਾਜ਼ੀ ਕਰੇਗੀ। ਇਸ ਤੋਂ ਇਲਾਵਾ ਸਰਕਾਰ ਸਪਸ਼ਟ ਕਰ ਸਕਦੀ ਹੈ ਕਿ ਕਾਨੂੰਨ ਵਾਪਸ ਨਹੀਂ ਕੀਤੇ ਜਾਣਗੇ, ਪਰ ਇੱਕ ਕਮੇਟੀ ਬਣਾਈ ਜਾ ਸਕਦੀ ਹੈ।
ਗੱਲਬਾਤ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸੜਕ ‘ਤੇ ਵਿਚਾਰ-ਵਟਾਂਦਰੇ ਨਹੀਂ ਕੀਤੇ ਜਾ ਸਕਦੇ, ਤੇ ਜਦੋਂ ਗੱਲ ਹੋਏਗੀ ਤਾਂ ਹਰ ਮੁੱਦੇ ‘ਤੇ ਹੋਏਗੀ। ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ। ਇੱਕ ਵਾਰ ਫਿਰ ਬਗੈਰ ਕਿਸੇ ਝਿਜਕ ਦੇ ਮੰਥਨ ਕੀਤਾ ਜਾਏਗਾ।
ਅਜਿਹਾ ਨਹੀਂ ਕਿ ਸਰਕਾਰ ਤੇ ਕਿਸਾਨਾਂ ਦਰਮਿਆਨ ਪਹਿਲੀ ਵਾਰ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਤੇ ਕਿਸਾਨਾਂ ਦਰਮਿਆਨ ਗੱਲਬਾਤ ਹੋ ਚੁੱਕੀ ਹੈ। ਹੁਣ ਤਕ ਦੋ ਰਾਉਂਡ 'ਚ ਗੱਲਬਾਤ ਹੋ ਚੁੱਕੀ ਹੈ। ਖੇਤੀ ਮੰਤਰਾਲੇ ਵੱਲੋਂ ਕੁੱਲ 32 ਸੰਗਠਨਾਂ ਦੇ ਨੁਮਾਇੰਦੇ ਬੁਲਾਏ ਗਏ ਹਨ। ਹਾਲਾਂਕਿ, ਕੁਝ ਨੇਤਾਵਾਂ ਨੇ ਇਤਰਾਜ਼ ਜਤਾਇਆ ਹੈ ਕਿ ਦੇਸ਼ ਵਿੱਚ ਲਗਪਗ 500 ਕਿਸਾਨ ਸੰਗਠਨ ਪ੍ਰਦਰਸ਼ਨ ਕਰ ਰਹੇ ਹਨ, ਪਰ ਸੱਦਾ ਕੁਝ ਨੂੰ ਦਿੱਤਾ ਗਿਆ, ਇਸ ਲਈ ਸਾਰਿਆਂ ਨੂੰ ਬੁਲਾਉਣਾ ਜ਼ਰੂਰੀ ਹੈ।
ਹੁਣ ਜਾਣੋ ਆਖਰ ਕਿਸਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਅੜੇ ਹਨ:-
ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦਾ ਕਿਸਾਨ ਇਨ੍ਹਾਂ ਖੇਤੀ ਕਾਨੂਨਾਂ ਦਾ ਵਿਰੋਧ ਕਰ ਰਿਹਾ ਹੈ। ਸੂਬੇ 'ਚ ਵਿਰੋਧ ਕਰਨ ਮਗਰੋਂ ਕਿਸਾਨਾਂ ਨੇ ਦਿੱਲੀ ਚਲੋ ਮਾਰਚ ਹੇਠ ਆਪਣੇ ਅੰਦੋਲਨ ਦਾ ਰੁਖ ਦਿੱਲੀ ਵੱਲ ਕੀਤਾ। ਇਸ ਦੌਰਾਨ ਕਿਸਾਨਾਂ ਦੀ ਇੱਕ ਮੁੱਖ ਮੰਗ ਹੋ ਕਿ ਸਰਕਾਰ ਐਮਐਸਪੀ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਪੁਖ਼ਤਾ ਵਾਅਦਾ ਕਰੇ ਤੇ ਕਾਨੂੰਨਾਂ 'ਚ ਐਮਐਸਪੀ ਸਬੰਧੀ ਵੀ ਕਾਨੂੰਨ ਜੋੜੇ।
ਦੱਸ ਦਈਏ ਕਿਸਾਨਾਂ ਨੂੰ ਡਰ ਹੈ ਕਿ ਮੰਡੀ ਤੋਂ ਬਾਹਰ ਹੋਣ ਮਗਰੋਂ ਐਮਐਸਪੀ ਵੀ ਹੌਲੀ-ਹੌਲੀ ਖ਼ਤਮ ਹੋ ਜਾਏਗੀ। ਇਸੇ ਲਈ ਕਿਸਾਨ ਸਰਕਾਰ ਤੋਂ ਲਿਖਤ 'ਚ ਐਮਐਸਪੀ ਦਾ ਸਬੂਤ ਮੰਗ ਰਹੇ ਹਨ।
ਦਿੱਲੀ-ਐਨਸੀਆਰ 'ਤੇ ਵੀ ਪੈ ਰਿਹਾ ਕਿਸਾਨ ਅੰਦੋਲਨ ਦਾ ਸਿੱਧਾ ਅਸਰ:-
ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਟ੍ਰੈਫਿਕ ਨੂੰ ਲੈ ਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਦਿੱਲੀ ਤੋਂ ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਜਾਮ ਹੈ। ਕੁਝ ਮੈਟਰੋ ਰੂਟ ਬੰਦ ਕਰ ਦਿੱਤੇ ਗਏ ਹਨ, ਜਦਕਿ ਕੁਝ 'ਤੇ ਨਿਸ਼ਚਤ ਸਮੇਂ ਲਈ ਰੇਲ ਗੱਡੀਆਂ ਚੱਲ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904