ਚੰਡੀਗੜ੍ਹ: ਮੀਡੀਆ ਵਿੱਚ ਅਲੋਚਨਾ ਮਗਰੋਂ ਇਤਰਾਜ਼ਯੋਗ ਵੀਡੀਓ ਕਾਂਡ ਵਿੱਚ ਘਿਰੇ ਚਰਨਜੀਤ ਚੱਢਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਚੌਕਸ ਹੋ ਲਈ ਹੈ। ਪੁਲਿਸ ਨੇ ਚੱਢਾ ਦੀ ਗ੍ਰਿਫ਼ਤਾਰੀ ਲਈ ‘ਲੁਕ ਆਊਟ ਸਰਕੁਲਰ’ (ਐਲਓਸੀ) ਜਾਰੀ ਕਰ ਦਿੱਤਾ ਹੈ।

ਉਧਰ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਰੂਪੋਸ਼ ਹੋਏ ਚਰਨਜੀਤ ਚੱਢਾ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈ। ਇਸ ਵੀਡੀਓ ਵਿੱਚ ਉਹ ਇੱਕ ਗੁਰਦੁਆਰੇ ਦੇ ਕੈਂਪਸ ਵਿੱਚ ਵਿਖਾਈ ਦੇ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਇੱਕ ਔਰਤ ਵੱਲੋਂ ਚੱਢਾ ਤੇ ਉਸ ਦੇ ਪੁੱਤਰ ਖਿਲਾਫ਼ ਪੁਲਿਸ ਕੇਸ ਦਰਜ ਕਰਾਇਆ ਗਿਆ ਹੈ। ਇਸ ਮਾਮਲੇ ਵਿੱਚ ਉਸ ਦੇ ਪੁੱਤਰ ਨੂੰ ਹੇਠਲੀ ਅਦਾਲਤ ਤੋਂ ਅੰਤ੍ਰਿਮ ਜ਼ਮਾਨਤ ਮਿਲ ਚੁੱਕੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਪਰ ਹੁਣ ਤਕ ਪੁਲਿਸ ਉਸ ਦਾ ਪਤਾ ਲਾਉਣ ਵਿੱਚ ਫਿਲਹਾਲ ਅਸਫ਼ਲ ਰਹੀ ਹੈ।

ਪੁਲਿਸ ਮੁਤਾਬਕ ਉਸ ਬਾਰੇ ਕੋਈ ਵੀ ਜਾਣਕਾਰੀ ਨਹੀਂ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਐਲਓਸੀ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦੇਸ਼ ਦੇ ਪੁਲਿਸ ਥਾਣਿਆਂ ਨੂੰ ਭੇਜੀ ਜਾ ਰਹੀ ਹੈ।