ਪਟਿਆਲਾ: ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਮਹਿਲਾ ਕੈਦੀਆਂ ਲਈ ਵੀ ਖੁੱਲ੍ਹੀ ਜੇਲ੍ਹ ਖੋਲ੍ਹਣ ਦੀ ਹਮਾਇਤ ਕੀਤੀ ਹੈ। ਇਸ ਲਈ ਮੁੱਖ ਮੰਤਰੀ ਨੇ ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ ਨੂੰ ਸਰਕਾਰ ਕੋਲ ਇਸ ਬਾਰੇ ਪ੍ਰਸਤਾਵ ਭੇਜਣ ਲਈ ਕਿਹਾ ਹੈ। ਉਹ ਕੱਲ੍ਹ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਨਵੇਂ ਉਡੀਕ ਘਰ ਸਮੇਤ ਸੋਲਰ ਸਿਸਟਮ ਤੇ ਈ-ਪਰਸ ਪ੍ਰਣਾਲ਼ੀ ਦਾ ਉਦਘਾਟਨ ਕਰਨ ਲਈ ਪੁੱਜੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹ ਵਿੱਚ ਬਣਾਇਆ ਉਡੀਕ ਘਰ ਦੂਰ-ਦੁਰਾਡੇ ਥਾਵਾਂ ਤੋਂ ਆ ਰਹੇ ਕੈਦੀਆਂ ਦੇ ਪਰਿਵਾਰਾਂ ਲਈ ਲਾਭਦਾਇਕ ਹੋਵੇਗਾ। ਜ਼ਿਕਰਯੋਗ ਹੈ ਕਿ ਪੁਰਸ਼ ਕੈਦੀਆਂ ਲਈ ਨਾਭਾ ਵਿੱਚ ਪਹਿਲਾਂ ਹੀ ‘ਖੁੱਲ੍ਹੀ ਖੇਤੀਬਾੜੀ ਜੇਲ੍ਹ’ ਬਣਾਈ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬਠਿੰਡਾ, ਐਸਬੀਐਸ ਨਗਰ ਤੇ ਕਪੂਰਥਲਾ ਵਿੱਚ ਵੀ ਅਜਿਹੀਆਂ ਹੋਰ ਜੇਲ੍ਹਾਂ ਸਥਾਪਤ ਕਰਨ ਦਾ ਪ੍ਰਸਤਾਵ ਹੈ।
ਇੱਥੇ ਮੁੱਖ ਮੰਤਰੀ ਨੇ ਰੋਜ਼ਾਨਾ ਇਸਤੇਮਾਲ ਹੋਣ ਵਾਲ਼ੀਆਂ ਵਸਤਾਂ ਦੀ ਖ਼ਰੀਦ ਲਈ ਈ-ਪਰਸ ਸਿਸਟਮ ਵੀ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਿਸਟਮ 15 ਜੇਲ੍ਹਾਂ ਵਿੱਚ ਸ਼ੁਰੂ ਕੀਤਾ ਗਿਆ ਹੈ ਜਿਥੇ ਸਮਾਰਟ ਕਾਰਡ ਦੀ ਮਦਦ ਨਾਲ ਕੰਪਿਊਟਰ ਸਾਫ਼ਟਵੇਅਰ ਜ਼ਰੀਏ ਪੈਸਿਆਂ ਦਾ ਲੈਣ-ਦੇਣ ਕੀਤੀ ਜਾਏਗਾ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਵਾਤਾਵਰਣ ਪੱਖੀ ਊਰਜਾ ਦੀ ਵਰਤੋਂ ਦੇ ਮੱਦੇਨਜ਼ਰ ਪਟਿਆਲਾ ਜੇਲ੍ਹ ਵਿੱਚ ਸਥਾਪਤ ਕੀਤੇ 320 ਕਿਲੋਵਾਟ ਦੇ ਸੂਰਜੀ ਊਰਜਾ ਪਲਾਂਟ ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ 19 ਜੇਲ੍ਹਾਂ ਵਿੱਚ 5 ਹਜ਼ਾਰ ਯੂਨਿਟ ਦੀ ਸਮਰੱਥਾ ਵਾਲੇ ਅਜਿਹੇ ਹੋਰ ਸੂਰਜਾ ਊਰਜਾ ਪਲਾਂਟ ਲਗਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ।