ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 15 ਜੂਨ ਤੋਂ ਸਰਕਾਰੀ ਵੋਲਵੋ ਬੱਸਾਂ ਦਿੱਲੀ ਏਅਰਪੋਰਟ ਤੱਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬੀਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਪ੍ਰਾਈਵੇਟ ਬੱਸ ਮਾਫ਼ੀਏ ਦੀਆਂ ਮਨਮਰਜ਼ੀਆਂ ਖ਼ਤਮ ਕਰਨ ਲੱਗੇ ਹਾਂ।







ਉਨ੍ਹਾਂ ਕਿਹਾ ਕਿ 15 ਜੂਨ ਤੋਂ ਸਰਕਾਰੀ VOLVO ਬੱਸਾਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਸ਼ੁਰੂ ਹੋਣਗੀਆਂ। ਇਨ੍ਹਾਂ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਤੋਂ ਅੱਧੇ ਨਾਲੋਂ ਵੀ ਘੱਟ ਹੋਵੇਗਾ। ਦੱਸ ਦਈਏ ਕਿ ਪੰਜਾਬ ਦਾ ਟਰਾਂਸਪੋਰਟ ਵਿਭਾਗ 15 ਜੂਨ ਤੋਂ ਦਿੱਲੀ ਹਵਾਈ ਅੱਡੇ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 15 ਜੂਨ ਤੋਂ ਇਸ ਦੀ ਬੁਕਿੰਗ http://www.punbusonline.com/ ਤੇ http://www.pepsuonline.com 'ਤੇ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ 16 ਜੂਨ ਤੋਂ ਦਿੱਲੀ ਤੋਂ ਪੰਜਾਬ ਲਈ ਬੱਸਾਂ ਰਵਾਨਾ ਹੋਣਗੀਆਂ।


ਪਨਬਸ ਦੀ ਵੈੱਬਸਾਈਟ ਤੋਂ ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੋਂ 1, 6 ਬੱਸਾਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਤੋਂ ਜਲੰਧਰ ਤੇ ਲੁਧਿਆਣਾ ਲਈ ਚੱਲਣ ਵਾਲੀਆਂ ਬੱਸਾਂ ਤੇ ਜਲੰਧਰ ਤੋਂ ਚੱਲਣ ਵਾਲੀਆਂ ਬੱਸਾਂ ਲੁਧਿਆਣਾ ਵਿਖੇ ਰੁਕਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਦਾ ਸਮਾਂ ਅੰਤਰਰਾਸ਼ਟਰੀ ਉਡਾਣਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ।


ਅਜਿਹੇ 'ਚ ਪੰਜਾਬ ਆਉਣ ਵਾਲੀਆਂ ਜ਼ਿਆਦਾਤਰ ਬੱਸਾਂ ਰਾਤ ਨੂੰ ਹੀ ਰਵਾਨਾ ਹੋ ਰਹੀਆਂ ਹਨ ਪਰ ਇਨ੍ਹਾਂ ਦਾ ਕਿਰਾਇਆ ਸਾਰਿਆਂ ਲਈ ਹੈਰਾਨੀਜਨਕ ਹੈ। ਤੁਸੀਂ ਸਿਰਫ਼ 1320 ਰੁਪਏ ਵਿੱਚ ਅੰਮ੍ਰਿਤਸਰ, 1170 ਰੁਪਏ ਵਿੱਚ ਜਲੰਧਰ ਅਤੇ 1000 ਰੁਪਏ ਵਿੱਚ ਲੁਧਿਆਣਾ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚ ਸਕਦੇ ਹੋ, ਜਦਕਿ ਪਹਿਲਾਂ ਪ੍ਰਾਈਵੇਟ ਬੱਸਾਂ 3000 ਦੇ ਕਰੀਬ ਕਿਰਾਇਆ ਵਸੂਲਦੀਆਂ ਸਨ। ਦੱਸ ਦਈਏ ਕਿ ਪਹਿਲਾਂ ਸਿਰਫ ਪ੍ਰਾਈਵੇਟ ਬੱਸਾਂ ਹੀ ਦਿੱਲੀ ਏਅਰਪੋਰਟ ਜਾਂਦੀਆਂ ਸੀ ਜੋ ਕਾਫੀ ਵੱਧ ਕਿਰਾਇਆ ਵਸੂਲਦੀਆਂ ਸੀ।


ਇਹ ਵੀ ਪੜ੍ਹੋ: ਡੇਰਾ ਬੱਸੀ 'ਚ ਵੱਡੀ ਲੁੱਟ, PB 70 3266 ਨੰਬਰ ਵਾਲੇ ਮੋਟਰ ਸਾਈਕਲ 'ਤੇ ਆਏ ਸੀ ਲੁਟੇਰੇ