ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਚੰਡੀਗੜ੍ਹ 'ਚ ABP ਦੇ ਸਿਖਰ ਸੰਮੇਲਨ 'ਚ ਮੁੱਖ ਭਗਵੰਤ ਨੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੂੰ ਸਿਹਤ ਮੰਤਰੀ ਜੌੜਾਮਾਜਰਾ ਦੁਆਰਾ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਰਾਜ ਬਹਾਦੁਰ ਨਾਲ ਕੀਤੇ ਵਿਵਹਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਵੀਸੀ ਰਾਜ ਬਹਾਦੁਰ ਦਾ ਅਸਤੀਫਾ ਹਾਲੇ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ। ਜੇਕਰ ਉਨ੍ਹਾਂ ਤਕ ਅਸਤੀਫਾ ਪਹੁੰਚਿਆ ਤਾਂ ਉਹ ਰਾਜ ਬਹਾਦੁਰ ਨੂੰ ਘਰ ਬੁਲਾਉਣਗੇ ਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ।
ਦੂਜੇ ਪਾਸੇ ਮੁੱਖ ਮੰਤਰੀ ਨੇ ਕਿਹਾ ਕਿ ਰਾਤ ਹੀ ਵੀਸੀ ਰਾਜ ਬਹਾਦੁਰ ਨਾਲ ਉਨ੍ਹਾਂ ਗੱਲਬਾਤ ਹੋਈ ਹੈ। ਸਿਹਤ ਮੰਤਰੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕੰਮ ਦੌਰਾਨ ਕਈ ਤਰ੍ਹਾਂ ਦੀ ਤਲਖੀਆਂ ਹੋ ਜਾਂਦੀ ਹਨ ਤੇ ਸਿਹਤ ਮੰਤਰੀ ਤੋਂ ਗਲਤੀ ਹੋਈ ਹੈ ਉਨ੍ਹਾਂ ਨੂੰ ਸੱਭਿਅਕ ਢੰਗ ਨਾਲ ਮਾਮਲਾ ਸੁਝਾਉਣਾ ਚਾਹੀਦਾ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰਾਜ ਬਹਾਦੁਰ ਬਹੁਤ ਵਧੀਆ ਡਾਕਟਰ ਹਨ ਤੇ ਮੇਰੇ ਚੰਗੇ ਦੋਸਤ ਹਨ।
ਜਾਣੋ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਵਤੀਰੇ ਤੋਂ ਨਿਰਾਸ਼ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫ਼ਾ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੈ ਕਿ ਉਹਨਾਂ ਨੂੰ ਅਜਿਹੇ ਵਤੀਰੇ ਦਾ ਸਾਹਮਣਾ ਕਰਨਾ ਪਿਆ ਹੋਵੇ ।
ਦਰਅਸਲ ਬੀਤੇ ਦਿਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਜੋ ਕੱਲ੍ਹ ਉੱਥੇ ਚੈਕਿੰਗ ਕਰਨ ਪਹੁੰਚੇ ਸਨ, ਮਾੜੇ ਪ੍ਰਬੰਧਾਂ ਨੂੰ ਦੇਖ ਕੇ ਗੁੱਸੇ ਵਿੱਚ ਆਏ ਸਿਹਤ ਮੰਤਰੀ ਨੇ ਗੰਦੇ ਬੈੱਡ ’ਤੇ ਹੀ ਵੀਸੀ ਨੂੰ ਲਿਟਾ ਦਿੱਤਾ ਸੀ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਅਤੇ ਸਿਹਤ ਮੰਤਰੀ ਦੇ ਇਸ ਵਤੀਰੇ ਤੋਂ ਨਾਰਾਜ਼ ਵੀ.ਸੀ ਡਾ: ਰਾਜ ਬਹਾਦਰ ਨੇ ਰਾਤ ਨੂੰ ਹੀ ਆਪਣਾ ਅਸਤੀਫਾ ਮੱਖ ਮੰਤਰੀ ਨੂੰ ਭੇਜ ਦਿੱਤਾ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਦੇ ਵਿਵਹਾਰ ਦੀ ਵਿਰੋਧੀਆਂ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਸੀ ਅਤੇ ਆਪਣੇ ਇਸ ਵਤੀਰੇ ਲਈ ਸਿਹਤ ਮੰਤਰੀ ਤੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ। ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਮੰਤਰੀ 'ਤੇ ਤਿੱਖਾ ਹਮਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 12ਵੀਂ ਪਾਸ ਮੰਤਰੀ ਨੇ ਚੋਣ ਪ੍ਰਚਾਰ ਲਈ ਵਾਈਸ ਚਾਂਸਲਰ (ਵੀਸੀ) ਦਾ ਜਨਤਕ ਤੌਰ 'ਤੇ ਅਪਮਾਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੋਂ ਇਲਾਵਾ ਅਕਾਲੀ ਦਲ ਨੇ ਵੀ ਇਤਰਾਜ਼ ਉਠਾਉਂਦਿਆਂ ਮੰਤਰੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ।