ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਦੇ ਚੀਫ ਜਸਟਿਸ ਐਨ.ਵੀ. ਰਮਨਾ, ਜੋ ਕਿ ਬੀਤੇ ਦਿਨ ਪਰਿਵਾਰ ਸਮੇਤ ਪਵਿੱਤਰ ਨਗਰੀ ਦੇ ਦੌਰੇ ਉਤੇ ਆਏ ਸਨ, ਨੂੰ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਿੱਘੀ ਵਿਦਾਇਗੀ ਦਿੱਤੀ।
ਮੁੱਖ ਮੰਤਰੀ ਨੇ ਜਸਟਿਸ ਐਨ.ਵੀ. ਰਮਨਾ ਨਾਲ ਇਸ ਮੌਕੇ ਗੱਲਬਾਤ ਕੀਤੀ ਅਤੇ ਉਨਾਂ ਦਾ ਅੰਮ੍ਰਿਤਸਰ ਯਾਤਰਾ ਦਾ ਅਨੁਭਵ ਲਿਆ।ਰਮਨਾ ਨੇ ਅੰਮ੍ਰਿਤਸਰ ਦੀ ਯਾਤਰਾ ਨੂੰ ਯਾਦਗਾਰੀ ਪਲ ਦੱਸਦੇ ਅੰਮ੍ਰਿਤਸਰੀਆਂ ਵੱਲੋਂ ਕੀਤੀ ਪ੍ਰਹੁਣਚਾਰੀ ਦੀ ਸਰਾਹਨਾ ਕੀਤੀ। ਉਨਾਂ ਨੇ ਮੁੱਖ ਮੰਤਰੀ ਨੂੰ ਪੰਜਾਬ ਦੀ ਅਗਵਾਈ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ।
ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਵਿਕਾਸ ਲਈ ਉਲੀਕੀਆਂ ਕੁੱਝ ਯੋਜਨਾਵਾਂ ਵੀ ਚੀਫ ਜਸਟਿਸ ਰਮਨਾ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ, ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਨੇੜੇ ਅਟਾਰੀ ਸਰਹੱਦ ਦਾ ਦੌਰਾ ਕੀਤਾ।ਉਹ ਇਸ ਸਥਾਨ ਦਾ ਦੌਰਾ ਕਰਨ ਵਾਲੇ ਪਹਿਲੇ ਚੀਫ ਜਸਟਿਸ ਹਨ।ਉਨ੍ਹਾਂ ਨੇ ਸ਼ਾਮ ਨੂੰ ਪਰਿਵਾਰ ਸਮੇਤ ਰੀਟਰੀਟ ਸਮਾਰੋਹ ਦੇਖਿਆ।ਚੀਫ ਜਸਟਿਸ ਨੇ ਵੀਰਵਾਰ ਨੂੰ ਜਲਿਆਂਵਾਲਾ ਬਾਗ ਦਾ ਦੌਰਾ ਕੀਤਾ ਅਤੇ ਉੱਥੇ ਸ਼ਹੀਦ ਹੋਏ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ।
ਸੀਜੇਆਈ ਨੇ ਵਿਜ਼ਟਰ ਬੁੱਕ ਵਿੱਚ ਲਿਖਿਆ, "ਜਲ੍ਹਿਆਂਵਾਲਾ ਇਸ ਦੇਸ਼ ਦੇ ਲੋਕਾਂ ਦੀ ਤਾਕਤ ਨੂੰ ਦਰਸਾਉਂਦਾ ਹੈ। ਇਹ ਸ਼ਾਂਤ ਬਾਗ਼ ਜ਼ੁਲਮ ਦੇ ਸਾਮ੍ਹਣੇ ਕੀਤੇ ਗਏ ਮਹਾਨ ਬਲੀਦਾਨ ਦਾ ਪ੍ਰਤੀਕ ਹੈ।ਇਹ ਆਜ਼ਾਦੀ ਲਈ ਚੁਕਾਈ ਗਈ ਭਾਰੀ ਕੀਮਤ ਦੀ ਯਾਦ ਦਿਵਾਉਂਦਾ ਹੈ, ਜਿਸਦੀ ਸਾਨੂੰ ਹਮੇਸ਼ਾ ਕਦਰ ਅਤੇ ਸੁਰੱਖਿਆ ਕਰਨੀ ਚਾਹੀਦੀ ਹੈ।" ਉਹ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ ਹਰਿਮੰਦਰ ਸਾਹਿਬ ਵੀ ਦਰਸ਼ਨ ਕਰਨ ਪਾਹੁੰਚੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕੀਤਾ।