ਚੰਡੀਗੜ੍ਹ: ਪੰਜਾਬ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ `ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਟੈਸਟ ਕਰਵਾਉਣ ਅਤੇ ਟੀਕਾਕਰਨ ਲਈ ਲੋਕ ਖੁਦ ਅੱਗੇ ਆਉਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਜਲਦ ਚਲਾਈ ਜਾਵੇ।


ਪਿੰਡਾਂ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਅਤੇ ਮੌਤਾਂ `ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਹਾਲਾਂਕਿ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੱਲੋਂ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਜ਼ਿਆਦਾ ਲੋਕ ਸਿਰਫ ਉਦੋਂ ਰਿਪੋਰਟ ਕਰਦੇ ਹਨ ਜਦੋਂ ਉਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਜਾਂਦੀ ਹੈ।


ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਜਿਵੇਂ ਕਿ ਖਾਂਸੀ, ਜੁਕਾਮ ਜਾਂ ਹਲਕਾ ਬੁਖਾਰ ਹੋਣ `ਤੇ ਨਜ਼ਦੀਕੀ ਹਸਪਤਾਲ ਵਿਚ ਕਰੋਨਾ ਟੈਸਟ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਸਥਿਤੀ ਜ਼ਿਆਦਾ ਖਰਾਬ ਨਹੀਂ ਹੁੰਦੀ।


ਐਤਵਾਰ ਨੂੰ ਕੋਵਿਡ ਪ੍ਰਬੰਧਨ ਅਤੇ ਟੀਕਾਕਰਨ ਸਬੰਧੀ ਇਕ ਆਨਲਾਈਨ ਰੀਵੀਊ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਆਗਾਮੀ ਦਿਨਾਂ ਵਿਚ ਕੋਰੋਨਾ ਦੀ ਰੋਕਥਾਮ ਲਈ ਟੀਕਾਕਰਨ ਵਿਚ ਵੀ ਤੇਜ਼ੀ ਆਵੇਗੀ ਕਿਉਂਕਿ ਟੀਕਿਆਂ ਦੀ ਇੱਕ ਹੋਰ ਖੇਪ ਪੰਜਾਬ ਨੂੰ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ 31 ਮਈ ਤੱਕ ਪੰਜਾਬ ਨੂੰ ਕੋਵੈਕਸੀਨ ਦੀਆਂ 1.14 ਲੱਖ ਹੋਰ ਡੋਜ਼ਾਂ ਮਿਲ ਜਾਣਗੀਆਂ।


ਉਨ੍ਹਾਂ ਜ਼ਿਲ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹਾਲਾਂਕਿ ਸੂਬੇ ਨੂੰ ਮੰਗ ਨਾਲੋਂ ਘੱਟ ਟੀਕੇ ਮਿਲ ਰਹੇ ਹਨ ਪਰ ਇਸ ਦੇ ਬਾਵਜੂਦ ਜਿੰਨੇ ਵੀ ਮਿਲ ਰਹੇ ਹਨ ਉਹ ਯੋਗ ਵਿਅਕਤੀਆਂ ਨੂੰ ਸਮੇਂ ਸਿਰ ਲਗਾਏ ਜਾਣ।  ਉਨ੍ਹਾਂ ਕਿਹਾ ਕਿ ਇਹ ਧਿਆਨ ਰੱਖਿਆ ਜਾਵੇ ਕਿ ਟੀਕਾਕਰਨ ਵੇਲੇ ਭੀੜ `ਤੇ ਵੀ ਕਾਬੂ ਰੱਖਿਆ ਜਾਵੇ। ਮੁੱਖ ਸਕੱਤਰ ਨੇ ਗੈਰ ਰਜਿਸਟਰਡ ਕਾਮਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਵੀ ਟੀਕਾਕਰਨ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ।


ਮੁੱਖ ਸਕੱਤਰ ਨੇ ਕਿਹਾ ਕਿ ਆਕਸੀਜਨ ਦੀ ਮੰਗ ਅਤੇ ਪੂਰਤੀ ਵਿਚਲੇ ਖੱਪੇ ਨੂੰ ਭਰਨ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਵੀ ਆਕਸੀਜਨ ਟੈਂਕਰ ਮੰਗਵਾਏ ਜਾ ਰਹੇ ਹਨ। ਆਕਸੀਜਨ ਦੀ ਮੰਗ, ਪੂਰਤੀ ਅਤੇ ਵੰਡ ਲਈ ਸੂਬਾ ਪੱਧਰ `ਤੇ ਇਕ ਆਕਸੀਜਨ ਕੰਟਰੋਲ ਰੂਮ ਦਿਨ-ਰਾਤ ਚੱਲ ਰਿਹਾ ਹੈ।


ਇਹ ਵੀ ਪੜ੍ਹੋ: ਆਸਟਰੇਲੀਆ ਦੇ ਸਭ ਤੋਂ ਵੱਡੇ ਰਾਜ ਦੇ ਸਕੂਲਾਂ ਵਿਚ ਕਿਰਪਾਨ 'ਤੇ ਬੈਨ, ਸਿੱਖਾਂ ਨੇ ਜਤਾਈ ਨਾਰਾਜ਼ਗੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904