ਅੰਮ੍ਰਿਤਸਰ: ਬੀਤੇ ਸ਼ੁੱਕਰਵਾਰ ਰਾਤ ਸਮੇਂ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਭੜਕੇ ਹੋਏ ਲੋਕਾਂ ਨੇ ਅੰਮ੍ਰਿਤਸਰ-ਜਲੰਧਰ ਰੇਲ ਮਾਰਗ 'ਤੇ ਮੀਡੀਆ ਤੇ ਪੁਲਿਸ 'ਤੇ ਪਥਰਾਅ ਕਰ ਦਿੱਤਾ। ਲੋਕਾਂ ਵੱਲੋਂ ਕੀਤੇ ਪਥਰਾਅ ਵਿੱਚ ਇੱਕ ਪੱਤਰਕਾਰ ਤੇ ਸੁਰੱਖਿਆ ਦਸਤੇ ਦਾ ਜਵਾਨ ਜਖ਼ਮੀ ਹੋ ਗਿਆ ਹੈ।


ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਨੇ ਪਟੜੀਆਂ ਖਾਲੀ ਕਰਵਾਉਣ ਲਈ ਹਲਕਾ ਬਲ ਵੀ ਵਰਤਿਆ। ਪੁਲਿਸ ਨੇ ਮੌਕੇ 'ਤੇ ਲੋਕਾਂ ਦੇ ਨਾਲ-ਨਾਲ ਮੀਡੀਆ ਕਰਮੀਆਂ ਨੂੰ ਵੀ ਰੇਲ ਲਾਈਨਾਂ ਦੇ ਨੇੜੇ ਨਾ ਆਉਣ ਦੀ ਹਦਾਇਤ ਕੀਤੀ। ਪੁਲਿਸ ਦੀ ਸਖ਼ਤੀ ਦੇ ਨਾਲ ਅੱਜ ਇਸ ਮਾਰਗ 'ਤੇ ਰੇਲ ਸੇਵਾ ਬਹਾਲ ਹੋਣ ਦੀ ਆਸ ਹੈ।




ਜ਼ਿਕਰਯੋਗ ਹੈ ਕਿ ਬੀਤੀ 19 ਅਕਤੂਬਰ ਨੂੰ ਰੇਲ ਲਾਈਨਾਂ 'ਤੇ ਖੜ੍ਹ ਕੇ ਦੁਸਹਿਰਾ ਮੇਲਾ ਵੇਖ ਰਹੇ ਸੈਂਕੜੇ ਲੋਕਾਂ 'ਤੇ ਡੀਐਮਯੂ ਟ੍ਰੇਨ ਚੜ੍ਹ ਗਈ ਸੀ। ਦੇਰ ਸ਼ਾਮ ਜਲੰਧਰ ਤੋਂ ਆ ਰਹੀ ਇਸ ਡੀਐਮਯੂ ਰੇਲ ਕਾਰਨ ਹੁਣ ਤਕ 59 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਕਈ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਹਾਦਸੇ ਤੋਂ ਬਾਅਦ ਲੋਕ ਭੜਕੇ ਹੋਏ ਹਨ ਤੇ ਸਰਕਾਰ ਤੇ ਪ੍ਰਸ਼ਾਸਨ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਬੀਤੇ ਦਿਨ ਵੀ ਕੈਪਟਨ ਦੀ ਫੇਰੀ ਤੋਂ ਪਹਿਲਾਂ ਪੁਲਿਸ ਨੂੰ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਸੀ।