Weather Updates: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਵਰਖਾ ਦਾ ਦੌਰ ਜਾਰੀ ਹੈ। ਅੱਜ ਵੀ ਦਿੱਲੀ-ਐਨਸੀਆਰ ਸਮੇਤ ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਕੇਰਲ, ਹਰਿਆਣਾ, ਬਿਹਾਰ ਸਮੇਤ ਝਾਰਖੰਡ ਦੇ ਕਈ ਇਲਾਕਿਆਂ ’ਚ ਠੰਢੀਆਂ ਹਵਾਵਾਂ ਨਾਲ ਭਾਰੀ ਮੀਂਹ ਪਿਆ।
ਮੌਸਮ ਵਿਭਾਗ ਅਨੁਸਾਰ ‘ਤਾਉਤੇ’ ਦਾ ਅਸਰ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਰਾਜਾਂ ’ਤੇ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਮਈ ਦੇ ਮਹੀਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਹ ਵੀ ਕਿਹਾ ਗਿਆ ਹੈ ਕਿ 24 ਮਈ ਤੱਕ ਮੌਸਮ ਇੰਝ ਹੀ ਸੁਹਾਵਣਾ ਬਣਿਆ ਰਹੇ, ਇਸ ਤੋਂ ਬਾਅਦ ਗਰਮੀ ਵੀ ਆਪਣਾ ਰੰਗ ਵਿਖਾਏਗੀ।
ਪੰਜਾਬ, ਚੰਡੀਗੜ੍ਹ ਤੇ ਹਰਿਆਣਾ ’ਚ ਪਿਛਲੇ ਕਈ ਦਿਨਾਂ ਤੋਂ ਹਲਕੀ ਤੋਂ ਦਰਮਿਆਨੀ ਵਰਖਾ ਪੈ ਰਹੀ ਹੈ। ਅੱਜ ਸਵੇਰੇ ਵੀ ਇਨ੍ਹਾਂ ਰਾਜਾਂ ਵਿੱਚ ਬੱਦਲ ਛਾਏ ਹੋਏ ਹਨ। ਮਈ ਦੇ ਗਰਮ ਮਹੀਨੇ ਵੀ ਲੋਕਾਂ ਨੂੰ ਠੰਢ ਦਾ ਅਹਿਸਾਸ ਹੋ ਰਿਹਾ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਹੁਣ ਪੱਛਮੀ ਗੜਬੜੀ ਕੁਝ ਪੈ ਰਹੀ ਹੈ; ਇਸ ਲਈ ਕੁਝ ਥਾਵਾਂ ਉੱਤੇ ਤੇਜ਼ ਵਰਖਾ ਨਹੀਂ ਹੋ ਰਹੀ। ਉਂਝ ਬੀਤੀ ਰਾਤ ਤੇ ਅੱਜ ਤੜਕੇ ਇਨ੍ਹਾਂ ਰਾਜਾਂ ਦੇ ਕੁਝ ਇਲਾਕਿਆਂ ’ਚ ਹਲਕੀ ਤੇ ਦਰਮਿਆਨੀ ਵਰਖਾ ਹੋਈ।
ਪੰਜਾਬ ਦੇ ਲੁਧਿਆਣਾ ’ਚ ਸ਼ੁੱਕਰਵਾਰ ਦੇਰ ਰਾਤੀਂ ਲਗਭਗ ਦੋ ਵਜੇ ਝੱਖੜ ਝੁੱਲਣ ਲੱਗਾ, ਜੋ ਅੱਧਾ ਘੰਟਾ ਜਾਰੀ ਰਿਹਾ। ਕਈ ਥਾਵਾਂ ਉੱਤੇ ਰੁੱਖ ਟੁੱਟ ਕੇ ਸੜਕਾਂ ’ਤੇ ਵਿਛ ਗਏ। ਕਈ ਇਲਾਕਿਆਂ ’ਚ ਬਿਜਲੀ ਬੰਦ ਹੋ ਗਈ। ਹਨੇਰੀ ਤੋਂ ਬਾਅਦ ਹਲਕਾ ਤੋਂ ਦਰਮਿਆਨਾ ਮੀਂਹ ਵੀ ਪਿਆ। ਉੱਤਰਾਖੰਡ ’ਚ ਅੱਜ ਤੋਂ ਮੌਸਮ ਆਮ ਵਰਗਾ ਰਹਿਣ ਦੇ ਆਸਾਰ ਪ੍ਰਗਟਾਏ ਗਏ ਹਨ। ਦੋ ਦਿਨਾਂ ਤੋਂ ਇੱਥੇ ਮੋਹਲੇਧਾਰ ਵਰਖਾ ਹੋ ਰਹੀ ਸੀ। ਮੌਸਮ ਵਿਗਿਆਨ ਕੇਂਦਰ ਅਨੁਸਾਰ ਸ਼ੁੱਕਰਵਾਰ ਨੂੰ ਵੀ ਕੁਮਾਊਂ ’ਚ ਕਿਤੇ-ਕਿਤੇ ਗਰਜ ਨਾਲ ਛਿੱਟਾਂ ਪੈ ਸਕਦੀਆਂ ਹਨ।
ਗੜ੍ਹਵਾਲ ’ਚ ਅਗਲੇ ਕੁਝ ਦਿਨ ਮੌਸਮ ਆਮ ਵਰਗਾ ਰਹਿਣ ਦੇ ਆਸਾਰ ਹਨ। ਰਾਜਧਾਨੀ ਦਿੱਲੀ ’ਚ ਅੱਜ ਸਵੇਰ ਤੋਂ ਹੀ ਠੰਢੀਆਂ ਹਵਾਵਾਂ ਨਾਲ ਮੀਂਹ ਪਿਆ। ਪਿਛਲੇ ਕਈ ਦਿਨਾਂ ਤੋਂ ਤੂਫ਼ਾਨ ‘ਤਾਉਤੇ’ ਕਾਰਣ ਰਾਜਧਾਨੀ ਦਾ ਮੌਸਮ ਸੁਹਾਵਣਾ ਬਣਿਆ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :