Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ ਹੈ। ਇਸ ਦਾ ਪੰਜਾਬ ਅੰਦਰ ਖਾਸ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਬਾਰਸ਼ ਨਾ ਹੋਣ ਕਾਰਨ ਝੋਨੇ ਦੀ ਲੁਆਈ ਲੇਟ ਹੋਈ ਤੇ ਹੁਣ ਗਰਮੀ ਕਾਰਨ ਕਣਕ ਦੀ ਬਿਜਾਈ ਪਛੜ ਰਹੀ ਹੈ। ਨਵੰਬਰ ਚੜ੍ਹ ਗਿਆ ਹੈ ਪਰ ਪਾਰਾ 32 ਡਿਗਰੀ ਸੈਲਸੀਅਸ ਤੋਂ ਪਾਰ ਹੈ। ਇਸ ਲਈ ਕਿਸਾਨ ਕਣਕ ਦੀ ਬਿਜਾਈ ਕਰਨ ਤੋਂ ਝਿਜਕ ਰਹੇ ਹਨ। ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਕਣਕ ਦੀ ਬਿਜਾਈ ਪਛੜਨ ਨਾਲ ਝਾੜ ਉਪਰ ਵੀ ਫਰਕ ਪਵੇਗਾ।


ਦਰਅਸਲ ਭਾਰਤ ਵਿੱਚ ਅਕਤੂਬਰ ਦਾ ਮਹੀਨਾ 1901 ਤੋਂ ਬਾਅਦ ਐਤਕੀਂ ਸਭ ਤੋਂ ਵਧ ਗਰਮ ਰਿਹਾ। ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ ਮਹੀਨੇ ਔਸਤ ਤਾਪਮਾਨ ਆਮ ਨਾਲੋਂ 1.23 ਡਿਗਰੀ ਸੈਲਸੀਅਸ ਵਧ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਨਵੰਬਰ ਦਾ ਮਹੀਨਾ ਵੀ ਗਰਮ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਤੇ ਠੰਢ ਆਉਣ ਦੇ ਕੋਈ ਸੰਕੇਤ ਨਹੀਂ ਦਿੱਤੇ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮੋਹਪਾਤਰਾ ਨੇ ਗਰਮ ਮੌਸਮ ਦਾ ਕਾਰਨ ਪੱਛਮੀ ਗੜਬੜੀ ਦਾ ਮਾਹੌਲ ਨਾ ਬਣਨ ਤੇ ਬੰਗਾਲ ਦੀ ਖਾੜੀ ’ਚ ਸਰਗਰਮ ਘੱਟ ਦਬਾਅ ਪ੍ਰਣਾਲੀਆਂ ਕਾਰਨ ਪੂਰਬੀ ਹਵਾਵਾਂ ਦਾ ਪ੍ਰਵਾਹ ਦੱਸਿਆ ਹੈ। 


 



ਮੋਹਪਾਤਰਾ ਨੇ ਕਿਹਾ ਕਿ ਅਕਤੂਬਰ ’ਚ ਔਸਤ ਤਾਪਮਾਨ 25.69 ਡਿਗਰੀ ਸੈਲਸੀਅਸ ਦੇ ਮੁਕਾਬਲੇ ’ਚ 26.92 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ 1901 ਤੋਂ ਬਾਅਦ ਸਭ ਤੋਂ ਗਰਮ ਰਿਹਾ। ਪੂਰੇ ਦੇਸ਼ ਲਈ ਘੱਟੋ ਘੱਟ ਤਾਪਮਾਨ 21.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੋਹਪਾਤਰਾ ਨੇ ਕਿਹਾ, ‘‘ਉੱਤਰ-ਪੱਛਮੀ ਭਾਰਤ ’ਚ ਤਾਪਮਾਨ ਘੱਟ ਕਰਨ ਲਈ ਉੱਤਰ-ਪੱਛਮੀ ਹਵਾਵਾਂ ਦੀ ਲੋੜ ਹੁੰਦੀ ਹੈ। ਮੌਨਸੂਨੀ ਪ੍ਰਵਾਹ ਹੋਣ ਕਾਰਨ ਵੀ ਤਾਪਮਾਨ ’ਚ ਗਿਰਾਵਟ ਦਰਜ ਨਹੀਂ ਹੋ ਰਹੀ।’’ 



ਉਧਰ, ਪੰਜਾਬ ਦੀ ਗੱਲ ਕਰੀਏ ਤਾਂ ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਦਿਨ ਦਾ ਤਾਪਮਾਨ ਅਜੇ ਵੀ 32 ਦੇ ਆਸ-ਪਾਸ ਹੈ। ਇਸ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਸ ਵਾਰ ਕਣਕ ਦੀ ਬਿਜਾਈ ਦਿਨੋਂ-ਦਿਨ ਪਛੜਦੀ ਜਾ ਰਹੀ ਹੈ। ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਦੀ ਝੋਨੇ ਦੀ ਫ਼ਸਲ ਅਜੇ ਤੱਕ ਨਹੀਂ ਵਿਕ ਸਕੀ। ਉਨ੍ਹਾਂ ਦੇ ਖੇਤ ਵੀ ਅਜੇ ਤੱਕ ਖਾਲੀ ਨਹੀਂ ਹੋਏ। 



ਉਧਰ, ਜਿਨ੍ਹਾਂ ਖੇਤਾਂ ਵਿੱਚ ਝੋਨੇ ਦੀ ਕਟਾਈ ਹੋ ਚੁੱਕੀ ਹੈ, ਉੱਥੇ ਕਿਸਾਨਾਂ ਨੇ ਰੀਪਰਾਂ ਦੀ ਵਰਤੋਂ ਕਰਕੇ ਝੋਨੇ ਦੀ ਰਹਿੰਦ-ਖੂੰਹਦ ਨੂੰ ਤੂੜੀ ਦੀਆਂ ਗੰਢਾਂ ਲਈ ਤਿਆਰ ਕਰ ਦਿੱਤਾ ਹੈ ਪਰ ਬੇਲਰ ਨਾ ਹੋਣ ਕਾਰਨ ਇਹ ਰਹਿੰਦ-ਖੂੰਹਦ ਖੇਤਾਂ ਵਿੱਚ ਹੀ ਪਈ ਹੈ। ਇਸ ਲਈ ਕਿਸਾਨ ਵਧੀ ਗਰਮੀ ਨੂੰ ਰਾਹਤ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਦਿਨਾਂ ਦੌਰਾਨ ਮੌਸਮ ਠੀਕ ਰਹਿੰਦਾ ਤੇ ਬੇਲਰ ਨਾ ਮਿਲਣ ਦੀ ਸੂਰਤ ਵਿੱਚ ਅਸੀਂ ਇਸ ਨੂੰ ਅੱਗ ਲਾ ਦਿੰਦੇ ਪਰ ਗਰਮੀ ਕਾਰਨ ਅਸੀਂ ਕਣਕ ਦੀ ਬਿਜਾਈ ਲਈ ਰੁਕੇ ਹੋਏ ਹਾਂ ਤੇ ਬੇਲਰ ਮਿਲਣ ਦੀ ਉਡੀਕ ਕਰ ਰਹੇ ਹਾਂ।



ਦਰਅਸਲ ਜੂਨ-ਜੁਲਾਈ ਵਿੱਚ ਅੱਤ ਦੀ ਗਰਮੀ ਕਾਰਨ ਝੋਨੇ ਦੀ ਲੁਆਈ ਵੀ ਪਛੜ ਗਈ ਸੀ। ਇੱਥੋਂ ਤੱਕ ਕਿ ਜਿਨ੍ਹਾਂ ਕਿਸਾਨਾਂ ਨੇ ਵੇਲੇ ਸਿਰ ਝੋਨਾ ਲਾਇਆ ਵੀ ਸੀ, ਉਨ੍ਹਾਂ ਦਾ ਵੀ ਨੁਕਸਾਨ ਹੋਇਆ ਸੀ ਕਿਉਂਕਿ ਅੱਤ ਦੀ ਗਰਮੀ ਕਾਰਨ ਪਨੀਰੀ ਸਹੀ ਤਰ੍ਹਾਂ ਨਹੀਂ ਫੁੱਟੀ ਸੀ। ਇਹੀ ਹਾਲ ਹੁਣ ਕਣਕ ਦਾ ਹੈ। ਨਵੰਬਰ ਮਹੀਨੇ ਵਿੱਚ ਵੀ ਇੰਨੀ ਗਰਮੀ ਹੈ ਕਿ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।



ਦੱਸ ਦਈਏ ਕਿ ਇਨ੍ਹਾਂ ਦਿਨਾਂ 'ਚ ਕਿਸਾਨ ਕਣਕ ਦੀ ਬਿਜਾਈ ਦਾ ਅੱਧਾ ਕੰਮ ਪੂਰਾ ਕਰ ਲੈਂਦੇ ਹਨ ਤੇ 15 ਨਵੰਬਰ ਤੱਕ ਪੂਰੇ ਪੰਜਾਬ 'ਚ ਕਣਕ ਦੀ ਬਿਜਾਈ ਹੋ ਜਾਂਦੀ ਹੈ ਪਰ ਇਸ ਵਾਰ ਮਾਲਵਾ ਪੱਟੀ 'ਚ ਅਜੇ ਤੱਕ ਝੋਨੇ ਦੀ ਕਟਾਈ ਦਾ ਕੰਮ ਵੀ ਪੂਰਾ ਨਹੀਂ ਹੋਇਆ। ਮੁਕਤਸਰ, ਬਠਿੰਡਾ ਆਦਿ ਜ਼ਿਲ੍ਹਿਆਂ ਵਿੱਚ ਅਜੇ ਵੀ ਵੱਡੀ ਮਾਤਰਾ ਵਿੱਚ ਝੋਨਾ ਖੇਤਾਂ ਵਿੱਚ ਖੜ੍ਹਾ ਹੈ ਤੇ ਅਗਲੇ 10 ਦਿਨਾਂ ਵਿੱਚ ਵੀ ਇਸ ਦੀ ਕਟਾਈ ਮੁਕੰਮਲ ਹੋਣੀ ਸੰਭਵ ਨਹੀਂ ਜਾਪਦੀ। ਸਪੱਸ਼ਟ ਹੈ ਕਿ ਝੋਨੇ ਦੀ ਤਰ੍ਹਾਂ ਕਣਕ ਦੀ ਬਿਜਾਈ ਵੀ ਦੇਰੀ ਨਾਲ ਹੋਵੇਗੀ।


 


ਉਧਰ, ਖੇਤੀਬਾੜੀ ਵਿਭਾਗ ਦੇ ਸਾਬਕਾ ਕਮਿਸ਼ਨਰ ਡਾ: ਬਲਵਿੰਦਰ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਮੌਸਮ 'ਚ ਬਦਲਾਅ ਕਾਰਨ ਅਜਿਹਾ ਹੋ ਰਿਹਾ ਹੈ। ਡਾ: ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪੁਰਾਣੇ ਬਜ਼ੁਰਗ ਹਲਕੀ ਠੰਢ ਪੈਣ 'ਤੇ ਕਣਕ ਦੀ ਬਿਜਾਈ ਕਰਦੇ ਸਨ। ਇਸ ਕਾਰਨ ਕਣਕ ਦੇ ਉਗਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸੀ। ਅੱਜ ਜੇਕਰ ਕਿਸਾਨ ਗਰਮੀ ਕਾਰਨ ਕਣਕ ਦੀ ਬਿਜਾਈ ਕਰਨ ਤੋਂ ਝਿਜਕ ਰਹੇ ਹਨ ਤਾਂ ਉਹ ਸਹੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਭਾਰੀ ਅੰਤਰ ਹੈ ਜੋ ਫਸਲ ਲਈ ਠੀਕ ਨਹੀਂ । ਡਾ: ਸਿੱਧੂ ਨੇ ਕਿਹਾ ਕਿ ਜੇਕਰ ਮਾਰਚ-ਅਪ੍ਰੈਲ ਮਹੀਨੇ ਤਾਪਮਾਨ ਨਾ ਵਧਿਆ ਤਾਂ ਕਣਕ ਦੇ ਝਾੜ ਵਿੱਚ ਕੋਈ ਖਾਸ ਫਰਕ ਨਹੀਂ ਪਵੇਗਾ।