ਚੰਡੀਗੜ੍ਹ: ਪੰਜਾਬ ਵਿੱਚ ਮੂੰਗੀ ਦੀ ਕਾਸ਼ਤ ਦੁੱਗਣੀ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਐਲਾਨ ਕੀਤਾ ਹੈ ਕਿ ਸਰਕਾਰ ਮੂੰਗੀ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਇਸ ਲਈ ਸ਼ਰਤ ਹੋਵੇਗੀ ਕਿ ਕਿਸਾਨਾਂ ਨੂੰ ਮੂੰਗੀ ਵੱਢਣ ਤੋਂ ਬਾਅਦ ਉਸੇ ਖੇਤ ਵਿੱਚ ਝੋਨੇ ਦੀ 126 ਕਿਸਮ ਜਾਂ ਬਾਸਮਤੀ ਦੀ ਬਿਜਾਈ ਕਰਨੀ ਪਵੇਗੀ ਕਿਉਂਕਿ ਇਹ ਦੋਵੇਂ ਫ਼ਸਲਾਂ ਪੱਕਣ ਲਈ ਬਹੁਤ ਘੱਟ ਸਮਾਂ ਲੈਂਦੀਆਂ ਹਨ। ਝੋਨੇ ਦੀਆਂ ਹੋਰਨਾਂ ਕਿਸਮਾਂ ਦੇ ਮੁਕਾਬਲੇ ਇਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਐਤਕੀਂ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਸਲੀ ਵਿਭਿੰਨਤਾ ਲਈ 17 ਅਪਰੈਲ ਨੂੰ ਕਿਸਾਨ ਧਿਰਾਂ ਨਾਲ ਮੀਟਿੰਗ ਦੌਰਾਨ ਮੂੰਗੀ ਦੀ ਫ਼ਸਲ ’ਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇਣ ਦਾ ਐਲਾਨ ਕੀਤਾ ਸੀ। ਮੂੰਗੀ ਦੀ ਖ਼ਰੀਦ ਲਈ ਆਉਂਦੇ ਦਿਨਾਂ ’ਚ ਮਾਰਕਫੈਡ ਨੂੰ ਨੋਡਲ ਏਜੰਸੀ ਐਲਾਨਿਆ ਜਾਣਾ ਹੈ। ਪੰਜਾਬ ਵਿਚ ਐਤਕੀਂ 97,250 ਏਕੜ ਰਕਬੇ ਵਿਚ ਮੂੰਗੀ ਦੀ ਕਾਸ਼ਤ ਹੋਈ ਹੈ ਜਦੋਂਕਿ ਪਿਛਲੇ ਸਇਹ ਰਕਬਾ ਕਰੀਬ 50 ਹਜ਼ਾਰ ਏਕੜ ਸੀ।
ਸਰਕਾਰ ਨੇ ਮੂੰਗੀ ਲਈ ਐਮਐਸਪੀ 7275 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੈ। ਮੂੰਗੀ ਦੀ ਬਿਜਾਈ ਨੂੰ ਲੈ ਕੇ ਪੰਜਾਬ ’ਚੋਂ ਮਾਨਸਾ ਜ਼ਿਲ੍ਹਾ ਅੱਵਲ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿਚ 25,000 ਏਕੜ ਰਕਬੇ ਵਿਚ ਮੂੰਗੀ ਦੀ ਬਿਜਾਈ ਹੋਈ, ਜੋ ਕਿ ਸੂਬੇ ਦੀ ਕੁੱਲ ਕਾਸ਼ਤ ਦਾ ਕਰੀਬ 25 ਫ਼ੀਸਦੀ ਬਣਦਾ ਹੈ।
ਇਸੇ ਤਰ੍ਹਾਂ ਮੋਗਾ ਵਿਚ 12,750 ਏਕੜ (5100 ਹੈਕਟੇਅਰ) ਤੇ ਲੁਧਿਆਣਾ ਵਿਚ 10,750 ਏਕੜ (4300 ਹੈਕਟੇਅਰ) ਰਕਬਾ ਇਸ ਫ਼ਸਲ ਦੀ ਕਾਸ਼ਤ ਹੇਠ ਹੈ। ਬਠਿੰਡਾ ਜ਼ਿਲ੍ਹੇ ਵਿਚ 9500 ਏਕੜ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 8750 ਏਕੜ ਰਕਬੇ ਵਿਚ ਮੂੰਗੀ ਦੀ ਕਾਸ਼ਤ ਹੋਈ ਹੈ। ਮੂੰਗੀ ਦਾ ਬੀਜ ਐਤਕੀਂ 100 ਤੋਂ 150 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਹੈ। ਇਸ ਵਾਰ ਮੂੰਗੀ ਨੂੰ ਪਈ ਸੁੰਡੀ ਦੀ ਮਾਰ ਵੀ ਕੰਟਰੋਲ ਹੇਠ ਹੈ ਤੇ ਮੀਂਹ ਨਾ ਪੈਣ ਕਰ ਕੇ ਮੂੰਗੀ ਕਾਸ਼ਤਕਾਰ ਤਸੱਲੀ ਵਿਚ ਹਨ।