Punjab news: ਏਸ਼ੀਆਈ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ ਅਤੇ ਸੋਨ ਤਗਮਾ ਜਿੱਤ ਲਿਆ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਕਿਹਾ ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਪੁਰਸ਼ ਹਾਕੀ ਵਿੱਚ ਜਪਾਨ ਨੂੰ ਫ਼ਾਈਨਲ ਵਿੱਚ 5-1 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ....ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਅਤੇ ਮਨਪ੍ਰੀਤ ਸਿੰਘ, ਅਮਿਤ ਰੋਹੀਦਾਸ ਤੇ ਅਭਿਸ਼ੇਕ ਨੇ ਇੱਕ-ਇੱਕ ਗੋਲ ਕੀਤਾ....ਸਾਰਿਆਂ ਨੂੰ ਮੇਰੇ ਵਲੋਂ ਬਹੁਤ ਬਹੁਤ ਵਧਾਈਆਂ.... ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ 10 ਖਿਡਾਰੀ ਇਸ ਟੀਮ ਦਾ ਹਿੱਸਾ ਨੇ...ਇਸ ਕਰਕੇ ਸਮੂਹ ਪੰਜਾਬੀਆਂ ਦਾ ਮਾਣ ਅੱਜ ਹੋਰ ਵਧਿਆ ਹੈ.. ਚੱਕ ਦੇ ਇੰਡੀਆ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੁੱਚੇ ਦੇਸ਼ ਲਈ ਖਾਸ ਕਰਕੇ ਪੰਜਾਬ ਲਈ ਇਤਿਹਾਸਕ ਪਲ ਹਨ ਕਿਉਂਕਿ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਹਾਂਗਜ਼ੂ ਦੀਆਂ ਏਸ਼ੀਆਈ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹੁਣ ਤੱਕ 7 ਸੋਨ ਤਗਮੇ ਜਿੱਤੇ ਹਨ ਅਤੇ ਇਸ ਤਗਮੇ ਨਾਲ ਸੂਬੇ ਦੇ ਖਿਡਾਰੀਆਂ ਨੇ ਸਾਲ 1951 ਵਿੱਚ ਨਵੀਂ ਦਿੱਲੀ ਅਤੇ ਸਾਲ 1962 ਵਿੱਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿੱਚ ਸੱਤ-ਸੱਤ ਸੋਨ ਤਮਗ਼ੇ ਜਿੱਤਣ ਦੀ ਭਾਰਤ ਦੀ ਕਾਰਗੁਜ਼ਾਰੀ ਦੀ ਬਰਾਬਰੀ ਕਰ ਲਈ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਿੱਤ ਦੇਸ਼ ਲਈ ਗੌਰਵਮਈ ਪਲ ਹਨ ਕਿਉਂਕਿ ਪੁਰਸ਼ਾਂ ਦੀ ਹਾਕੀ ਟੀਮ ਨੇ ਇਤਿਹਾਸ ਸਿਰਜ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਏਸ਼ੀਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ਵਿੱਚ ਸੂਬੇ ਦੇ ਖਿਡਾਰੀਆਂ ਦਾ ਸਭ ਤੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਰਿਹਾ ਹੈ ਕਿਉਂ ਜੋ ਹੁਣ ਤੱਕ ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗ਼ੇ ਮਿਲਾ ਕੇ ਕੁੱਲ 18 ਤਗਮੇ ਜਿੱਤੇ ਹਨ।
ਇਹ ਵੀ ਪੜ੍ਹੋ: Asian Games 2023: ਹਾਕੀ 'ਚ ਟੀਮ ਇੰਡੀਆ ਨੇ ਜਿੱਤਿਆ ਸੋਨ ਤਗਮਾ, ਫਾਈਨਲ 'ਚ ਜਾਪਾਨ ਨੂੰ ਦਿੱਤੀ ਮਾਤ
ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਹਾਕੀ ਟੀਮ ਦੀ ਇਹ ਇਤਿਹਾਸਕ ਜਿੱਤ ਦੇਸ਼ ਵਿੱਚ ਕੌਮੀ ਖੇਡ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਰਾਹ ਪੱਧਰਾ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੂਹ ਦੇਸ਼ ਵਾਸੀਆਂ ਨੂੰ ਜਪਾਨ ਦੇ ਖਿਲਾਫ਼ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਭਾਰਤੀ ਖਿਡਾਰੀਆਂ ਉਤੇ ਰਸ਼ਕ ਹੈ ਕਿਉਂ ਜੋ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਭਾਰਤੀ ਟੀਮ ਨੇ 9 ਵਰ੍ਹਿਆਂ ਦੇ ਖਲਾਅ ਨੂੰ ਪੂਰ ਦਿੱਤਾ ਹੈ।
ਮੁੱਖ ਮੰਤਰੀ ਨੇ ਇਸ ਸ਼ਾਨਦਾਰ ਜਿੱਤ ਨੂੰ ਖੇਡ ਇਤਿਹਾਸ ਦੇ ਪੰਨਿਆਂ ਉਤੇ ਸੁਨਹਿਰੀ ਅੱਖਰਾਂ ਵਿੱਚ ਉਕਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿੱਚ ਕੌਮੀ ਖੇਡ ਨੇ ਆਪਣੀ ਪੁਰਾਤਨ ਸ਼ਾਨ ਵੱਲ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਬਾਗੋ-ਬਾਗ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੀਮ ਨੇ ਭਾਰਤੀ ਹਾਕੀ ਖੇਡ ਦੇ ਇਤਿਹਾਸ ਦੇ ਸ਼ਾਨਦਾਰ ਵਿਰਸੇ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਸਰਕਾਰ ਦੀ ਨੀਤੀ ਦੇ ਮੁਤਾਬਕ ਨਗਦ ਇਨਾਮ ਦਿੱਤੇ ਜਾਣਗੇ।
ਇਹ ਵੀ ਪੜ੍ਹੋ: World Cup 2023: ਟੀਮ ਇੰਡੀਆ ਲਈ ਬੁਰੀ ਖਬਰ, ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਹੋਏ ਸ਼ੁਭਮਨ ਗਿੱਲ! ਸਾਹਮਣੇ ਆਈ ਵਜ੍ਹਾ