Asian Games 2023, IND Vs JAP: ਭਾਰਤੀ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2023 ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਟੀਮ ਇੰਡੀਆ ਨੇ ਫਾਈਨਲ 'ਚ ਪਿਛਲੀ ਵਾਰ ਦੀ ਏਸ਼ੀਆ ਚੈਂਪੀਅਨ ਜਾਪਾਨ ਨੂੰ 5-1 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਪੂਲ ਰਾਊਂਡ 'ਚ ਵੀ ਭਾਰਤ ਅਤੇ ਜਾਪਾਨ ਦੀ ਟੱਕਰ ਹੋਈ ਸੀ, ਜਿਸ 'ਚ ਭਾਰਤ ਨੇ 4-2 ਨਾਲ ਜਿੱਤ ਦਰਜ ਕੀਤੀ ਸੀ। ਫਾਈਨਲ ਮੈਚ ਵਿੱਚ ਭਾਰਤ ਵੱਲੋਂ ਬਹੁਤ ਵਧੀਆ ਖੇਡ ਦੇਖਣ ਨੂੰ ਮਿਲੀ। ਭਾਰਤ ਦੇ ਸਾਹਮਣੇ ਵਿਰੋਧੀ ਜਾਪਾਨ ਸਿਰਫ਼ ਇੱਕ ਗੋਲ ਕਰਨ ਵਿੱਚ ਕਾਮਯਾਬ ਰਿਹਾ।
ਇਸ ਗੋਲਡ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ 2024 ਵਿੱਚ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਮੈਚ ਦੀ ਗੱਲ ਕਰੀਏ ਤਾਂ ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਫਿਰ ਦੂਜੇ ਕੁਆਰਟਰ ਵਿੱਚ ਮੈਚ ਦੇ 25ਵੇਂ ਮਿੰਟ ਵਿੱਚ ਭਾਰਤ ਵੱਲੋਂ ਮੈਚ ਦਾ ਪਹਿਲਾ ਗੋਲ ਕੀਤਾ ਗਿਆ। ਮਨਦੀਪ ਸਿੰਘ ਨੇ ਇਹ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤਰ੍ਹਾਂ ਭਾਰਤੀ ਟੀਮ ਨੇ ਮੈਚ ਦੇ ਅੱਧੇ ਸਮੇਂ ਤੱਕ ਬੜ੍ਹਤ ਬਣਾ ਲਈ।
ਫਿਰ ਤੀਜੇ ਕੁਆਰਟਰ ਵਿੱਚ ਮੈਚ ਦੇ 32ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੂਜਾ ਗੋਲ ਕਰਕੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ। ਤੀਜੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਅਮਿਤ ਰੋਹੀਦਾਸ ਨੇ ਭਾਰਤ ਲਈ ਤੀਜਾ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ ਤੀਜੇ ਕੁਆਰਟਰ ਤੱਕ 3-0 ਦੀ ਬੜ੍ਹਤ ਲੈ ਕੇ ਆਪਣੀ ਜਿੱਤ ਲਗਭਗ ਪੱਕੀ ਕਰ ਲਈ ਸੀ।
ਚੌਥਾ ਕੁਆਰਟਰ ਸ਼ੁਰੂ ਹੋਣ ਦੇ ਸਿਰਫ਼ ਤਿੰਨ ਮਿੰਟ ਬਾਅਦ ਯਾਨੀ 48ਵੇਂ ਮਿੰਟ 'ਤੇ ਅਭਿਸ਼ੇਕ ਨੇ ਭਾਰਤ ਲਈ ਚੌਥਾ ਗੋਲ ਕੀਤਾ। ਇਸ ਗੋਲ ਨਾਲ ਭਾਰਤ ਨੇ 4-0 ਦੀ ਬੜ੍ਹਤ ਬਣਾ ਲਈ। ਇਸ ਤੋਂ ਠੀਕ ਤਿੰਨ ਮਿੰਟ ਬਾਅਦ ਯਾਨੀ 51ਵੇਂ ਮਿੰਟ 'ਤੇ ਜਾਪਾਨ ਨੇ ਆਪਣਾ ਖਾਤਾ ਖੋਲ੍ਹਿਆ ਅਤੇ ਟੀਮ ਦਾ ਪਹਿਲਾ ਗੋਲ ਹੋ ਗਿਆ। ਫਿਰ ਮੈਚ ਖਤਮ ਹੋਣ ਤੋਂ 1 ਮਿੰਟ ਪਹਿਲਾਂ ਭਾਰਤ ਵੱਲੋਂ ਪੰਜਵਾਂ ਗੋਲ ਕੀਤਾ ਗਿਆ। 59ਵੇਂ ਮਿੰਟ 'ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਟੀਮ ਲਈ ਪੰਜਵਾਂ ਗੋਲ ਕਰਕੇ ਭਾਰਤ ਨੂੰ ਜਾਪਾਨ ਦੇ ਖਿਲਾਫ 5-1 ਨਾਲ ਜਿੱਤ ਦਿਵਾਈ।
ਇਹ ਵੀ ਪੜ੍ਹੋ: Asian Games 2023: HS Prannoy ਨੇ ਰਚਿਆ ਇਤਿਹਾਸ, ਬੈਡਮਿੰਟਨ ਪੁਰਸ਼ ਸਿੰਗਲਜ਼ 'ਚ 41 ਸਾਲ ਬਾਅਦ ਭਾਰਤ ਦੀ ਝੋਲੀ ਪਾਇਆ ਤਗਮਾ