Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੋਸ਼ਲ ਮੀਡੀਆ ਉੱਪਰ ਪੇਸ਼ ਕੀਤੀ ਹੈ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਪਹਿਲਾਂ ਤੇ ਹੁਣ ਦੇ ਸਕੂਲਾਂ ਵਿੱਚ ਇੰਨਾ ਅੰਤਰ ਹੈ।
ਮੁੱਖ ਮੰਤਰੀ ਭਗਵੰਤ ਮਾਨ ਤਸਵੀਰਾਂ ਟਵੀਟ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੰਮ੍ਰਿਤਸਰ ਦੇ ਇਸ ਸਰਕਾਰੀ ਸਕੂਲ ਦੀਆਂ ਬਦਲੀਆਂ ਤਸਵੀਰਾਂ। ਸਰਕਾਰ ਬਣਨ ਦੇ ਨੌਂ ਮਹੀਨਿਆਂ ਦੇ ਅੰਦਰ ਟੁੱਟੇ-ਫੁੱਟੇ ਬਹੁਤ ਸਾਰੇ ਸਰਕਾਰੀ ਸਕੂਲ ਹੁਣ ਇਸ ਤਰ੍ਹਾਂ ਗੁਲਜ਼ਾਰ ਹੋਣ ਲੱਗ ਪਏ ਹਨ। ਇਹ ਸਿਰਫ਼ ਸਕੂਲ ਨਹੀਂ, ਸਗੋਂ ਖੁਸ਼ਹਾਲ ਪੰਜਾਬ ਬਣਾਉਣ ਦੇ ਸੁਪਨੇ ਦੀ ਨੀਂਹ ਹੈ।
ਉਨ੍ਹਾਂ ਪਟਿਆਲਾ ਦੇ ਸਕੂਲ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ ਇਸੇ ਤਰ੍ਹਾਂ ਪਟਿਆਲਾ ਦੇ ਸਕੂਲ ਦੀਆਂ ਪਹਿਲਾਂ ਅਤੇ ਹੁਣ ਦੀਆਂ ਤਸਵੀਰਾਂ ਦੇਖੋ। ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਜੀ ਤੇ ਮੈਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਬੱਚੇ ਨੂੰ ਸ਼ਾਨਦਾਰ ਸਿੱਖਿਆ ਮਿਲੇਗੀ। ਮੈਨੂੰ ਖ਼ੁਸ਼ੀ ਹੈ ਕਿ ਸਾਡੀ ਸਰਕਾਰ ਦੇ ਸਿਰਫ਼ ਨੌਂ ਮਹੀਨਿਆਂ ਵਿੱਚ ਹੀ ਸਰਕਾਰੀ ਸਕੂਲਾਂ ਦੀ ਤਸਵੀਰ ਬਦਲਣ ਲੱਗੀ ਹੈ।