ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਨੀਤਾਲ ਹਾਦਸੇ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਉਤਰਾਖੰਡ ਦੇ ਰਾਮਨਗਰ ‘ਚ ਇੱਕ ਵੱਡੇ ਹਾਦਸੇ ਦੀ ਖ਼ਬਰ ਮਿਲੀ ਹੈ। ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ‘ਚ ਡਿੱਗਣ ਕਰਕੇ 9 ਪੰਜਾਬੀਆਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਅਤੇ ਇੱਕ ਕੁੜੀ ਜ਼ਖਮੀ ਹੋ ਗਈ ਹੈ। ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀ ਹੋਈ ਲੜਕੀ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। 





 

ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨਾਲ ਭਰੀ ਕਾਰ ਰਾਮਨਗਰ ਦੇ ਢੇਲਵਾ ਨਦੀ ਵਿੱਚ ਡਿੱਗ ਗਈ ਹੈ। ਇਸ ਕਾਰ ਵਿੱਚ 10 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਲੜਕੀ ਨੂੰ ਜ਼ਿੰਦਾ ਬਚਾਇਆ ਗਿਆ ਹੈ। ਉਸ ਨੂੰ ਇਲਾਜ ਲਈ ਰਾਮਨਗਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 


ਬੀਤੀ ਰਾਤ ਕਰੀਬ 2 ਵਜੇ ਤੋਂ ਹੀ ਢੇਲਾ ਦਰਿਆ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀ, ਜਿਸ ਕਾਰਨ ਦਰਿਆ ਦੇ ਨਾਲਿਆਂ 'ਚ ਪਾਣੀ ਭਰ ਗਿਆ | ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਕਰੰਟ ਦੀ ਰਫਤਾਰ ਬਾਰੇ ਦੱਸਣ ਲਈ ਹੱਥ ਦੇ ਇਸ਼ਾਰੇ ਨਾਲ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਰ ਨਹੀਂ ਰੁਕੀ ਅਤੇ ਤੇਜ਼ ਕਰੰਟ ਦੀ ਲਪੇਟ ਵਿਚ ਆ ਗਈ। ਇਸ ਕਾਰ ਵਿੱਚ ਕੁੱਲ 10 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਲੜਕੀ ਵਾਲ-ਵਾਲ ਬਚ ਗਈ ਹੈ। 

 

ਮਿਲੀ ਜਾਣਕਾਰੀ ਅਨੁਸਾਰ ਰਾਮਨਗਰ 'ਚ ਕਾਰ ਹਾਦਸੇ ਵਿੱਚ ਮਰਨ ਵਾਲੇ ਪੰਜਾਬ ਤੋਂ ਹਨ। ਢੇਲਾ ਨਦੀ 'ਚ ਡਿੱਗੀ ਗੱਡੀ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਚ 8 ਪਟਿਆਲਾ ਅਤੇ ਇੱਕ ਸ਼ਖਸ ਸੰਗਰੂਰ ਦਾ ਰਹਿਣ ਵਾਲਾ ਸੀ। ਇਸ ਹਾਦਸੇ 'ਚ ਇੱਕ ਕੁੜੀ ਵਾਲ-ਵਾਲ ਬਚੀ ਹੈ। ਮਰਨ ਵਾਲੇ ਇੱਕ ਡੀਜੇ ਗਰੁੱਪ ਦੇ ਮੈਂਬਰ ਸੀ।

 

ਜਾਣਕਾਰੀ ਅਨੁਸਾਰ ਸਫਾਬਾਦੀ ਗੇਟ ਦਾ ਰਹਿਣ ਵਾਲਾ ਪਵਨ ਕੁਮਾਰ ਡੀ.ਜੇ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਗਰੁੱਪ ਨਾਲ ਉਤਰਾਖੰਡ 'ਚ ਪ੍ਰੋਗਰਾਮ ਕਰਕੇ ਵਾਪਸ ਆ ਰਿਹਾ ਸੀ। ਇਸ ਗਰੁੱਪ 'ਚ 4 ਮਰਦ ਅਤੇ 6 ਔਰਤਾਂ ਸ਼ਾਮਲ ਸਨ ਅਤੇ ਅੱਜ ਸਵੇਰੇ ਉਸ ਦੀ ਕਾਰ ਨੇੜੇ ਰਾਮਨਗਰ ਨਦੀ 'ਚ ਡੁੱਬਣ ਕਾਰਨ ਪਵਨ ਕੁਮਾਰ ਤੇ 8 ਹੋਰ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 5 ਔਰਤਾਂ ਵੀ ਸ਼ਾਮਲ ਹਨ।