Punjab News: ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਜਮਾਲਪੁਰ ਵਿਖੇ 225 ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦਾ ਉਦਘਾਟਨ ਕੀਤਾ। ਕੁਝ ਦਿਨ ਪਹਿਲਾਂ ਵੀ ਮੁੱਖ ਮੰਤਰੀ ਨੇ ਇਸ ਪਲਾਂਟ ਦਾ ਉਦਘਾਟਨ ਕਰਨ ਲਈ ਆਉਣਾ ਸੀ ਪਰ ਕਿਸੇ ਕਾਰਨ ਉਹ ਮਹਾਨਗਰ ਨਹੀਂ ਪਹੁੰਚੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਵਾ, ਜ਼ਮੀਨ ਤੇ ਪਾਣੀ ਤਿੰਨਾਂ ਨੂੰ ਸਾਫ਼ ਰੱਖਣਾ ਸਾਡਾ ਉਦੇਸ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਦੀ ਲਾਪ੍ਰਵਾਹੀ ਹੈ ਕਿ ਇਸ ਪਲਾਂਟ ਦਾ ਕਈ ਵਾਰ ਉਦਘਾਟਨ ਕੀਤਾ ਗਿਆ, ਪਰ ਕੰਮ ਨਹੀਂ ਹੋਇਆ। ਪੁਰਾਣੀਆਂ ਸਰਕਾਰਾਂ ਨੇ ਲੋਕਾਂ ਦੀ ਸਿਹਤ ਬਾਰੇ ਨਹੀਂ ਸੋਚਿਆ, ਜਿਸ ਕਾਰਨ ਇਲਾਕੇ ਦੇ ਲੋਕ ਕਾਲਾ ਪਾਣੀ ਪੀਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਅੰਗਰੇਜ਼ ਦੇਸ਼ ਭਗਤਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੰਦੇ ਸਨ ਪਰ ਆਜ਼ਾਦੀ ਤੋਂ ਬਾਅਦ ਹੁਣ ਸਾਡੀਆਂ ਸਰਕਾਰਾਂ ਕਾਲਾ ਪਾਣੀ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਕੇ ਸਜ਼ਾਵਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਵੀ ਬੁੱਢੇ ਨਾਲੇ ਦਾ ਮੁੱਦਾ ਉਠਾਇਆ ਸੀ। ਬੁੱਢਾ ਨਾਲਾ ਸਤਲੁਜ ਨੂੰ ਕਾਲਾ ਕਰ ਰਿਹਾ ਹੈ। ਇਹ ਪਾਣੀ ਫਾਜ਼ਿਲਕਾ ਤੱਕ ਜਾਂਦਾ ਹੈ, ਜਿੱਥੇ ਹਾਲਤ ਬਹੁਤ ਖਰਾਬ ਹੈ।