ਲੁਧਿਆਣਾ : ਲੁਧਿਆਣਾ ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਪੁਲਿਸ ਵਿਭਾਗ ਦੇ ਚੱਕਰਾਂ ਤੋਂ ਪਰੇਸ਼ਾਨ ਲੋਕਾਂ ਲਈ ਇੱਕ ਅਜਿਹਾ ਪਲੇਟਫਾਰਮ ਲੈ ਕੇ ਆਏ ਹਨ, ਜਿਸ 'ਤੇ ਲੋਕ ਸ਼ਿਕਾਇਤ ਤੋਂ ਲੈ ਕੇ ਪੁਲਿਸ ਨਾਲ ਸਬੰਧਤ ਹਰ ਕੰਮ ਆਨਲਾਈਨ ਕਰ ਸਕਦੇ ਹਨ ਜਾਂ ਇਸ ਨੂੰ ਟਰੈਕ ਕਰ ਸਕਦੇ ਹਨ।


ਸੋਮਵਾਰ 15 ਅਗਸਤ ਨੂੰ ਸੀਪੀ ਨੇ ਇਸ ਦੀ ਸ਼ੁਰੂਆਤ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਵਿੱਚ ਕੀਤੀ। ਇਸ ਪੇਜ 'ਤੇ ਲੋਕ ਜ਼ਰੂਰੀ ਕੰਮਾਂ ਦੇ ਨਾਲ-ਨਾਲ ਲੁਧਿਆਣਾ ਨਾਲ ਸਬੰਧਤ ਹਰ ਅਪਡੇਟ ਲੈ ਸਕਣਗੇ। ਜਿਸ ਵਿੱਚ ਰਿਕਵਰੀ, ਰੂਟ ਡਾਇਵਰਸ਼ਨ, ਮਹੱਤਵਪੂਰਨ ਜਾਣਕਾਰੀ ਸਭ ਕੁਝ ਇਸ ਪੇਜ਼  'ਤੇ ਪਾਇਆ ਜਾਵੇਗਾ। ਲੋਕ https://ludhianacity.punjabpolice.gov.in/ 'ਤੇ ਕਲਿੱਕ ਕਰਕੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਦੇ ਹਨ।

ਸ਼ਿਕਾਇਤ ਕਰਦੇ ਹੀ ਮਿਲੇਗਾ UID ਨੰਬਰ, ਜਿਸ ਤੋਂ ਪਤਾ ਕਰ ਸਕੋਗੇ ਡਿਟੇਲ 


ਪਹਿਲਾਂ ਸ਼ਿਕਾਇਤ ਕਰਨ ਤੋਂ ਬਾਅਦ ਆਪਣੇ ਸਮਾਨ ਬਾਰੇ ਪਤਾ ਕਰਨ ਲਈ ਲੋਕਾਂ ਨੂੰ ਐਫਆਈਆਰ ਦੀ ਕਾਪੀ ਲਈ ਥਾਣੇ ਦੇ ਚੱਕਰ ਲਗਾਉਣੇ ਪੈਂਦੇ ਸੀ ਅਤੇ ਫ਼ਿਰ ਰਿਕਵਰੀ ਅਤੇ ਫਿਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪਰ ਹੁਣ ਲੋਕ ਇਸ ਪੇਜ 'ਤੇ ਚੋਰੀ, ਲਾਪਤਾ ਵਿਅਕਤੀ ਅਤੇ ਹੋਰ ਸ਼ਿਕਾਇਤਾਂ ਸਮੇਤ ਆਨਲਾਈਨ ਸ਼ਿਕਾਇਤਾਂ ਕਰ ਸਕਦੇ ਹਨ। ਜਿਸ ਤੋਂ ਬਾਅਦ ਇੱਕ UID ਨੰਬਰ ਜਨਰੇਟ ਹੋਵੇਗਾ। ਇਸ ਪੇਜ ਦੇ ਸਰਚ ਆਪਸ਼ਨ ਵਿੱਚ ਪਾ ਕੇ ਤੁਸੀਂ ਆਸਾਨੀ ਨਾਲ ਪਤਾ ਲਗਾ ਸਕੋਗੇ ਕਿ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ, ਮੋਬਾਈਲ ਜਾਂ ਵਾਹਨ ਮਿਲਿਆ ਹੈ ਜਾਂ ਨਹੀਂ। ਜੇਕਰ ਮਿਲਿਆ ਤਾਂ ਕਿਸ ਥਾਣੇ ਵਿੱਚ ਕਿਸ ਅਧਿਕਾਰੀ ਦੇ ਕੋਲ ਹੈ ? ਇਹ ਸਭ ਇੱਥੋਂ ਪਤਾ ਲੱਗੇਗਾ। ਇਸ ਤੋਂ ਇਲਾਵਾ ਜੇਕਰ ਕੋਈ ਲਾਪਤਾ ਹੋਣ ਦੀ ਸ਼ਿਕਾਇਤ ਲਿਖਵਾਉਂਦਾ ਹੈ ਤਾਂ ਇਹ ਵੀ ਪਤਾ ਲੱਗ ਜਾਵੇਗਾ ਕਿ ਲਾਪਤਾ ਵਿਅਕਤੀ ਕਿੱਥੋਂ ਰਿਕਵਰ ਹੋਇਆ ਹੈ ਜਾਂ ਨਹੀਂ।


ਰੂਟ ਡਾਇਵਰਸ਼ਨ ਅਤੇ ਟ੍ਰੈਫਿਕ ਜਾਮ ਦੀ ਸਥਿਤੀ ਵੀ ਦੱਸੀ ਜਾਵੇਗੀ 

ਸ਼ਹਿਰ ਵਿੱਚ ਹੋਣ ਵਾਲੀ ਹਰ ਗਤੀਵਿਧੀ ਨੂੰ ਇਸ ਪੇਜ 'ਤੇ ਅਪਡੇਟ ਕੀਤਾ ਜਾਵੇਗਾ। ਜੇਕਰ ਕੋਈ ਵੱਖਰਾ ਵੀ.ਆਈ.ਪੀ ਰੂਟ ਹੈ ਜਾਂ ਕੋਈ ਯਾਤਰਾ ਨਿਕਲ ਰਹੀ ਹੈ ਤਾਂ ਕਿਹੜੇ ਰਸਤੇ ਬੰਦ ਹੋਣਗੇ, ਲੋਕ ਕਿੱਥੋਂ ਜਾ ਸਕਦੇ ਹਨ, ਕਿੱਥੇ ਜਾਮ ਲੱਗ ਸਕਦੇ ਹਨ। ਇਹ ਸਭ ਅਪਡੇਟ ਕੀਤਾ ਜਾਵੇਗਾ। ਜੇਕਰ ਸ਼ਹਿਰ ਵਿੱਚ ਕੋਈ ਘਟਨਾ ਵਾਪਰੀ ਹੈ ਅਤੇ ਉਸ ਨੂੰ ਹੱਲ ਕੀਤਾ ਗਿਆ ਹੈ ਤਾਂ ਇਹ ਸਭ ਇਸ ਪੇਜ 'ਤੇ ਵੀ ਅਪਡੇਟ ਕੀਤਾ ਜਾਵੇਗਾ।

ਘਰ ਬੈਠੇ ਹੀ ਪਤਾ ਕਰੋ ਕਿ ਤੁਹਾਡਾ ਪਾਸਪੋਰਟ ਕਿੱਥੇ ਹੈ

ਜੇਕਰ ਤੁਸੀਂ ਪਾਸਪੋਰਟ ਲਈ ਅਰਜ਼ੀ ਦਿੱਤੀ ਹੈ ਤਾਂ ਇਸ ਐਪ 'ਤੇ ਪਾਸਪੋਰਟ ਵਿਭਾਗ ਦੁਆਰਾ ਭੇਜਿਆ ਗਿਆ ਨੰਬਰ ਦਰਜ ਕਰੋ। ਤੁਹਾਨੂੰ ਇੱਕ ਮਿੰਟ ਵਿੱਚ ਪਤਾ ਲੱਗ ਜਾਵੇਗਾ ਕਿ ਤੁਹਾਡਾ ਪਾਸਪੋਰਟ ਕਿੱਥੇ ਹੈ, ਕਿੰਨੇ ਅਧਿਕਾਰੀਆਂ ਨੇ ਇਸ 'ਤੇ ਦਸਤਖਤ ਕੀਤੇ ਹਨ। ਤੁਹਾਨੂੰ ਪਾਸਪੋਰਟ ਕਿੰਨੇ ਦਿਨਾਂ 'ਚ ਮਿਲੇਗਾ, ਇਹ ਵੀ ਇੱਥੋਂ ਪਤਾ ਲੱਗ ਜਾਵੇਗਾ।

ਸਾਈਬਰ ਧੋਖਾਧੜੀ ਬਾਰੇ ਇੱਕ ਮਿੰਟ ਵਿੱਚ ਸ਼ਿਕਾਇਤ ਕਰੋ

ਸਾਈਬਰ ਧੋਖਾਧੜੀ ਨਾਲ ਸਬੰਧਤ ਇਸ 'ਤੇ ਇਕ ਵਿਕਲਪ ਵੀ ਦਿੱਤਾ ਗਿਆ ਹੈ। ਜਿਸ ਵਿੱਚ ਸਾਈਬਰ ਸੈੱਲ ਦਾ ਹੈਲਪਲਾਈਨ ਨੰਬਰ ਅਤੇ ਉਨ੍ਹਾਂ ਨੂੰ ਸ਼ਿਕਾਇਤ ਕਿਵੇਂ ਕਰਨੀ ਹੈ ਬਾਰੇ ਦੱਸਿਆ ਗਿਆ ਹੈ। ਜੇਕਰ ਲੋਕ ਇੱਥੇ 24 ਘੰਟਿਆਂ ਦੇ ਅੰਦਰ ਆਪਣਾ ਵੇਰਵਾ ਭਰ ਦਿੰਦੇ ਹਨ ਤਾਂ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਵਾਪਸ ਆ ਸਕਦੇ ਹਨ।

 ਕੁਝ ਸਕਿੰਟਾਂ ਵਿੱਚ ਆ ਜਾਵੇਗਾ ਜਵਾਬ 

ਇਸ ਪੰਨੇ 'ਤੇ ਸਵਾਲ ਅਤੇ ਜਵਾਬ ਦਾ ਵਿਕਲਪ ਵੀ ਹੈ। ਜੇਕਰ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਹੈ ਜਾਂ ਤੁਸੀਂ ਕੁਝ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਪਰੋਕਤ ਵਿਕਲਪ 'ਤੇ ਕਲਿੱਕ ਕਰੋ। ਓਥੇ ਆਪਣਾ ਮੈਸੇਜ ਭਰੋ , ਕੁਝ ਸਕਿੰਟਾਂ ਵਿੱਚ ਉਨ੍ਹਾਂ ਦੇ ਸਵਾਲ ਦਾ ਜਵਾਬ ਅਤੇ ਮਦਦ ਉੱਥੋਂ ਮਿਲੇਗੀ। ਜੇਕਰ ਵਿਭਾਗ ਨਾਲ ਸਬੰਧਤ ਕੋਈ ਸ਼ਿਕਾਇਤ ਹੈ ਤਾਂ ਉਹ ਵੀ ਉਥੇ ਕੀਤੀ ਜਾ ਸਕਦੀ ਹੈ।