Diljit Dosanjh: ਦਿਲਜੀਤ ਦੋਸਾਂਝ ਨਾਲ ਪੰਗਾ ਲੈਣ ਵਾਲਿਆਂ ਨੂੰ ਸਿੱਧੇ ਹੋ ਕੇ ਟੱਕਰੇ ਸੀਐਮ ਭਗਵੰਤ ਮਾਨ...ਅਖੌਤੀ ਰਾਸ਼ਟਰਵਾਦੀਆਂ ਦਿੱਤਾ ਠੋਕਵਾਂ ਜਵਾਬ
ਫ਼ਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਨੂੰ ਲੈ ਕੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਅਲੋਚਨਾ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਹੋ ਕੇ ਟੱਕਰੇ ਹਨ।

Diljit Dosanjh: ਫ਼ਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਨੂੰ ਲੈ ਕੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਅਲੋਚਨਾ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਹੋ ਕੇ ਟੱਕਰੇ ਹਨ। ਸੀਐਮ ਮਾਨ ਨੇ ਕਿਹਾ ਕਿ ਦੋਸਾਂਝ ਨੂੰ ‘ਗੱਦਾਰ’ ਕਿਹਾ ਗਿਆ, ਪਰ ਫ਼ਿਲਮ ‘ਸਰਦਾਰ ਜੀ 3’ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਅਖੌਤੀ ਰਾਸ਼ਟਰਵਾਦੀ ਪੰਜਾਬੀਆਂ ਨੂੰ ਬੇਵਜ੍ਹਾ ਨਿਸ਼ਾਨਾ ਬਣਾ ਰਹੇ ਹਨ।
ਸੀਐਮ ਮਾਨ ਨੇ ਮੰਗਲਵਾਰ ਨੂੰ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਦਿਲਜੀਤ ਦੋਸਾਂਝ ਦੀ ਫਿਲਮ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ ਨੇ ਕੰਮ ਕੀਤਾ ਸੀ। ਇਹ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ। ਪਾਕਿਸਤਾਨੀ ਅਦਾਕਾਰਾ ਨੇ ਇਸ ਵਿੱਚ ਕੰਮ ਕੀਤਾ ਕਿਉਂਕਿ ਸਾਡਾ ਸੱਭਿਆਚਾਰ ਇੱਕੋ ਜਿਹਾ ਹੈ। ਉਹ ਪੰਜਾਬੀ ਬੋਲਦੇ ਹਨ ਤੇ ਅਸੀਂ ਵੀ ਬੋਲਦੇ ਹਾਂ।’’ ਸੀਐਮ ਮਾਨ ਨੇ ਪੁੱਛਿਆ, ‘‘ਦਿਲਜੀਤ ਨੂੰ ‘ਗੱਦਾਰ’ ਕਿਹਾ ਗਿਆ ਤੇ ਹੁਣ ਇੱਕ ਪਾਕਿਸਤਾਨੀ ਟੀਮ ਇੱਥੇ ਖੇਡਣ ਆਵੇਗੀ ਤੇ ਫਿਰ ਸਭ ਕੁਝ ਠੀਕ ਹੋ ਜਾਵੇਗਾ?’’
ਸਰਕਾਰ ਨੇ ਪਿਛਲੇ ਹਫ਼ਤੇ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਵਿੱਚ ਹੋਣ ਵਾਲੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਪਾਕਿਸਤਾਨੀ ਟੀਮ ਦੀ ਸ਼ਮੂਲੀਅਤ ਨੂੰ ਮਨਜ਼ੂਰੀ ਦੇ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਨਾਲ ਈਰਖਾ ਕਰਨ ਵਾਲੇ ਅਖੌਤੀ ਰਾਸ਼ਟਰਵਾਦੀਆਂ ਵੱਲੋਂ ਪੰਜਾਬੀਆਂ ਨੂੰ ਬੇਲੋੜਾ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫਿਲਮ ’ਤੇ ਬੇਲੋੜੀ ਪਾਬੰਦੀ ਲਗਾਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਦੋਸਾਂਝ ਦੀ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਨੂੰ ਕਾਸਟ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।
ਦੱਸ ਦਈਏ ਕਿ ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਅਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਵਰਗੀਆਂ ਟਰੇਡ ਯੂਨੀਅਨਾਂ ਨੇ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਆਮਿਰ ਨਾਲ ਸਹਿਯੋਗ ਕਰਨ ਲਈ ਦੋਸਾਂਝ ਦੀ ਆਲੋਚਨਾ ਕੀਤੀ ਸੀ। FWICE ਨੇ ਮੰਗ ਕੀਤੀ ਹੈ ਕਿ ਦੋਸਾਂਝ ਦੀ ਨਾਗਰਿਕਤਾ ਰੱਦ ਕੀਤੀ ਜਾਵੇ। ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਪੰਜਾਬੀ ਅਦਾਕਾਰ-ਸੰਗੀਤਕਾਰ ’ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਸੀ। ਉਧਰ ਵੱਖ-ਵੱਖ ਪਾਰਟੀਆਂ ਦੇ ਕਈ ਸਿੱਖ ਨੇਤਾ ਦੋਸਾਂਝ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ ਤੇ ਉਸ ਦੀ ਨਾਗਰਿਕਤਾ ਰੱਦ ਕਰਨ ਦੀਆਂ ਮੰਗਾਂ ਨੂੰ ਗੈਰਵਾਜਬ ਕਰਾਰ ਦਿੱਤਾ ਹੈ।
Before You Go
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
ਟ੍ਰੈਂਡਿੰਗ ਟੌਪਿਕ





















