ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ 75 ‘ਆਮ ਆਦਮੀ ਕਲੀਨਿਕ’ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ। ਇਸ ਦੌਰਾਨ ਮੁੱਖ ਮੰਤਰੀ ਕਿਹਾ ਹੈ ਕਿ ‘ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇੱਕ ਗਾਰੰਟੀ ਦਿੱਤੀ ਸੀ ਕਿ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਹ ਗਾਰੰਟੀ ਹੁਣ ਪੂਰੀ ਹੋਣ ਜਾ ਰਹੀ ਹੈ। ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ।’ 


ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਮ ਆਦਮੀ ਕਲੀਨਿਕ ਸਥਾਪਤ ਕਰਨ ਦਾ ਵਾਅਦਾ ਕੀਤਾ ਸੀ। ਦਿੱਲੀ ਵਿੱਚ ਇਹ ਪ੍ਰਣਾਲੀ ਬਹੁਤ ਸਫ਼ਲ ਰਹੀ ਹੈ। ਗਰੀਬ ਲੋਕ ਪੈਸੇ ਦੀ ਕਮੀ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਪੰਜਾਬ ਵਿੱਚ ਅਜਿਹਾ ਕੋਈ ਨਹੀਂ ਹੋਵੇਗਾ ਜੋ ਪੈਸੇ ਦੀ ਘਾਟ ਕਾਰਨ ਇਲਾਜ ਨਾ ਕਰਵਾ ਸਕੇ। ਅੱਜ 75 ਮੁਹੱਲਾ ਕਲੀਨਿਕ ਸ਼ੁਰੂ ਹੋ ਗਏ ਹਨ। ਅਸੀਂ ਇਸ ਦੀ ਸ਼ੁਰੂਆਤ ਦਿੱਲੀ ਸਰਕਾਰ ਦੀ ਤਰਜ਼ 'ਤੇ ਕੀਤੀ ਹੈ।


ਉਨ੍ਹਾਂ ਕਿਹਾ ਕਿ ਅਸੀਂ ਫਰੀ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਦੀ ਮੁਰੰਮਤ ਕਰਕੇ ਆਮ ਆਦਮੀ ਕਲੀਨਿਕ ਬਣਾਏ ਹਨ। ਇਨ੍ਹਾਂ ਕਲੀਨਿਕਾਂ ਵਿੱਚ 100 ਤਰ੍ਹਾਂ ਦੇ ਖੂਨ ਦੇ ਟੈਸਟ ਕੀਤੇ ਜਾਣਗੇ। ਖੂਨ ਦੇ ਨਮੂਨੇ ਲੈ ਕੇ ਲੈਬ ਨੂੰ ਭੇਜੇ ਜਾਣਗੇ। ਪਿੰਡਾਂ ਵਿੱਚ ਡਿਸਪੈਂਸਰੀਆਂ ਪੱਕੀਆਂ ਹੋਣਗੀਆਂ। ਅਸੀਂ ਆਪਣੀ ਗਾਰੰਟੀ ਪੂਰੀ ਕਰਾਂਗੇ। 


ਇਸ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਟਵੀਟ ਕਰਕੇ ਕਿਹਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀਆਂ ਆਪ ਸਭ ਨੂੰ ਮੁਬਾਰਕਾਂ। ਭਗਵੰਤ ਮਾਨ ਸਰਕਾਰ ਅੱਜ 75 ਆਮ ਆਦਮੀ ਕਲੀਨਿਕ ਪੰਜਾਬੀਆਂ ਦੀ ਸੇਵਾ 'ਚ ਅਰਪਣ ਕਰ ਰਹੀ ਹੈ। ਇਮਾਨਦਾਰ ਸਰਕਾਰ ਵੱਲੋਂ ਆਪਣੇ ਲੋਕਾਂ ਲਈ ਆਜ਼ਾਦੀ ਜਸ਼ਨਾਂ ਦਾ ਤੋਹਫ਼ਾ ਹੈ। ਆਜ਼ਾਦ ਭਾਰਤ - ਤੰਦਰੁਸਤ ਭਾਰਤ ਦਾ ਸੁਪਨਾ ਹੁਣ ਹੋਵੇਗਾ ਸਾਕਾਰ।