ਅੰਮ੍ਰਿਤਸਰ: ਸ਼ਹਿਰ ਦੇ ਜੌੜਾ ਫਾਟਕਾ ਨੇੜੇ ਬੀਤੀ ਦੇਰ ਸ਼ਾਮ ਦੁਸਹਿਰਾ ਦੇਖਣ ਆਏ ਲੋਕਾਂ ਦੀ ਰੇਲਗੱਡੀ ਹੇਠਾਂ ਆ ਕੇ ਮੌਤ ਹੋ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਟਨਾ ਸਥਾਨ ਦਾ ਦੌਰਾ ਕਰਨ ਪਹੁੰਚੇ ਸਨ। ਉਨ੍ਹਾਂ ਦਾ ਦੌਰਾ ਰਸਮੀ ਰਿਹਾ, ਘਟਨਾ ਸਥਾਨ 'ਤੇ ਮੁੱਖ ਮੰਤਰੀ ਸਿਰਫ ਦੋ ਕੁ ਮਿੰਟ ਹੀ ਰੁਕੇ। ਇਸ ਤੋਂ ਪਹਿਲਾਂ ਪੁਲਿਸ ਨੇ ਹਾਦਸੇ ਤੋਂ ਬਾਅਦ ਭੜਕੇ ਹੋਏ ਸਥਾਨਕ ਲੋਕਾਂ ਨੂੰ ਸ਼ਾਂਤ ਕਰਨ ਲਈ ਹਲਕਾ ਲਾਠੀਚਾਰਜ ਵੀ ਕੀਤਾ।




ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੁਰੂ ਨਾਨਕ ਹਸਪਤਾਲ ਵਿੱਚ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਸੀ। ਮੁੱਖ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦੁਰਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 59 ਹੋ ਗਈ ਹੈ ਅਤੇ ਨੌਂ ਮ੍ਰਿਤਕਾਂ ਦੀ ਸ਼ਨਾਖ਼ਤ ਹੋਣੀ ਬਾਕੀ ਹੈ। ਹਾਦਸੇ ਵਿੱਚ 70 ਤੋਂ ਵੱਧ ਲੋਕ ਜ਼ਖ਼ਮੀ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ। ਕੈਪਟਨ ਨੇ ਦੱਸਿਆ ਕਿ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਕੈਪਟਨ ਦੀ ਬੀਤੀ ਰਾਤ ਹੀ ਅੰਮ੍ਰਿਤਸਰ ਨਾ ਪਹੁੰਚਣ 'ਤੇ ਕਾਫੀ ਨੁਕਤਾਚੀਨੀ ਹੋ ਰਹੀ ਸੀ, ਪਰ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਇਜ਼ਰਾਈਲ ਦੌਰੇ 'ਤੇ ਜਾਣ ਲਈ ਦਿੱਲੀ ਹਵਾਈ ਅੱਡੇ 'ਤੇ ਸਨ। ਉਨ੍ਹਾਂ ਕਿਹਾ ਕਿ ਹਾਦਸੇ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਦੌਰਾ ਰੱਦ ਕਰ ਦਿੱਤਾ ਤੇ ਵਾਪਸ ਚੱਲ ਪਏ। ਕੈਪਟਨ ਨੇ ਇਹ ਵੀ ਕਿਹਾ ਕਿ ਜੇਕਰ ਉਹ ਰਾਤ ਅੰਮ੍ਰਿਤਸਰ ਆ ਜਾਂਦੇ ਤਾਂ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਜਾਰੀ ਰਾਹਤ ਕਾਰਜ ਪ੍ਰਭਾਵਿਤ ਹੋ ਜਾਣੇ ਸੀ।



ਲੋਕਾਂ ਵੱਲੋਂ ਹਾਦਸੇ ਪਿੱਛੇ ਦੁਸਹਿਰਾ ਮੇਲਾ ਕਰਵਾਉਣ ਵਾਲੇ ਕਾਂਗਰਸੀ ਕੌਂਸਲਰ ਵਿਰੁੱਧ ਕਾਰਵਾਈ ਦੀ ਮੰਗ ਅਤੇ ਵਿਰੋਧੀਆਂ ਵੱਲੋਂ ਉਨ੍ਹਾਂ ਦੇ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਦੇ ਦੇਰੀ ਨਾਲ ਪਹੁੰਚਣ ਕਾਰਨ ਰੇਲ ਲਾਈਨ 'ਤੇ ਲੋਕਾਂ ਦੀ ਮੌਜੂਦ ਹੋਣ ਸਬੰਧੀ ਚੁੱਕੇ ਸਵਾਲਾਂ ਬਾਰੇ ਕੈਪਟਨ ਨੇ ਕਿਹਾ ਕਿ ਇਹ ਸਮਾਂ ਇੱਕ-ਦੂਜੇ 'ਤੇ ਦੋਸ਼ ਲਾਉਣ ਦਾ ਨਹੀਂ ਹੈ। ਉਨ੍ਹਾਂ ਨਵਜੋਤ ਸਿੱਧੂ ਵੱਲੋਂ ਇਸ ਹਾਦਸੇ ਨੂੰ ਪ੍ਰਮਾਤਮਾ ਦਾ ਪ੍ਰਕੋਪ ਕਹੇ ਜਾਣ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਨਹੀਂ ਸਮਝਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕੌਣ ਜ਼ਿੰਮੇਵਾਰ ਹੈ। ਰਿਪੋਰਟ ਚਾਰ ਹਫ਼ਤਿਆਂ ਵਿੱਚ ਆਵੇਗੀ। ਹਾਲਾਂਕਿ, ਰੇਲਵੇ ਪੁਲਿਸ ਨੇ ਵੱਖਰੇ ਤੌਰ 'ਤੇ ਇਸ ਹਾਦਸੇ ਸਬੰਧੀ ਕੇਸ ਦਰਜ ਕਰ ਲਿਆ ਹੈ, ਜਿਸ ਦੀ ਪੜਤਾਲ ਵੀ ਵੱਖਰੇ ਤੌਰ 'ਤੇ ਕੀਤੀ ਜਾਵੇਗੀ।