Punjab News: ਦੇਸ਼ ਦੀ ਰਾਜਨੀਤੀ ਵਿੱਚ ਇਸ ਵੇਲੇ ਯੂਨੀਫਾਰਮ ਸਿਵਲ ਕੋਡ (UCC) ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਮਾਨਸੂਨ ਸੈਸ਼ਨ ਦੌਰਾਨ ਇਹ ਬਿੱਲ ਸਦਨ ਵਿੱਚ ਲਿਆਂਦਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਦੇ ਨੈਸ਼ਨਲ ਆਗੂਆਂ ਵੱਲੋਂ ਇਸ ਦਾ ਪੱਖ ਪੂਰਿਆ ਗਿਆ ਹੈ ਜਿਸ ਕਰਕੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀਆਂ ਹਨ। ਹੁਣ ਇਸ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਵੱਲੋਂ ਯੂਨੀਫਾਰਮ ਸਿਵਲ ਕੋਡ ਦੀ ਮੁਖ਼ਾਲਫਤ ਕੀਤੀ ਗਈ ਹੈ। 


ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਕਿਹਾ ਕਿ ਸਾਡਾ ਦੇਸ਼ ਇੱਕ ਗੁਲਦਸਤੇ ਵਾਂਗ ਹੈ ਹਰ ਧਰਮ ਦਾ ਆਪਣਾ ਸੱਭਿਆਚਾਰ ਹੈ ਤੇ ਆਪਣੀਆਂ ਰਸਮਾਂ ਹਨ ਪਰ ਪਤਾ ਨਹੀਂ ਇਹ ਕਿਉਂ ਰਸਮਾਂ ਨੂੰ ਵਿਗਾੜ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੰਵਿਧਾਨ ਕਹਿੰਦਾ ਹੈ ਕਿ ਜੇ ਹਰ ਕੋਈ ਸਮਾਜਿਕ ਤੌਰ 'ਤੇ ਬਰਾਬਰ ਹੈ, ਤਾਂ ਤੁਸੀਂ ਸਾਂਝਾ ਕੋਡ ਲਾਗੂ ਕਰੋ ਪਰ ਕੀ ਸਾਰੇ ਸਮਾਜਿਕ ਤੌਰ 'ਤੇ ਬਰਾਬਰ ਹੋ ਗਏ ਹਨ? ਇਸ ਮੌਕੇ ਭਾਰਤੀ ਜਨਤਾ ਪਾਰਟੀ ਉੱਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਭਾਜਪਾ ਦਾ ਏਜੰਡਾ ਹੈ, ਉਹ ਚੋਣਾਂ ਨੇੜੇ ਧਰਮ ਦਾ ਏਜੰਡਾ ਚਲਾਉਂਦੇ ਹਨ।


ਉਨ੍ਹਾਂ ਕਿਹਾ ਕਿ ਸਾਡੇ ਸਿੱਖਾਂ ਵਿੱਚ ਚਾਰ ਲਾਵਾਂ ਹੁੰਦੀਆਂ ਹਨ। ਹਿੰਦੂ ਧਰਮ ਵਿੱਚ ਮੈਰਿਜ ਐਕਟ ਤਹਿਤ ਸੱਤ ਫੇਰੇ ਹੁੰਦੇ ਹਨ। ਇਸੇ ਤਰ੍ਹਾਂ ਸਾਰਿਆਂ ਨਾਲ ਸਹਿਮਤ ਹੋਣਾ ਜ਼ਰੂਰੀ ਹੈ। ਸਾਡੀ ਕੌਮ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਭਾਜਪਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ, ਇਹ ਉਨ੍ਹਾਂ ਦਾ ਏਜੰਡਾ ਹੈ। ਆਮ ਆਦਮੀ ਪਾਰਟੀ ਧਰਮ ਵਿੱਚ ਦਖਲ ਨਹੀਂ ਦਿੰਦੀ। ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਨੰਬਰ ਇੱਕ ਹੋਵੇ।


PM ਮੋਦੀ ਨੇ UCC 'ਤੇ ਕੀ ਕਿਹਾ?


ਪੀਐਮ ਮੋਦੀ ਨੇ 'ਮੇਰਾ ਬੂਥ ਸਭ ਤੋਂ ਮਜ਼ਬੂਤ' ਮੁਹਿੰਮ ਦੇ ਤਹਿਤ ਭੋਪਾਲ ਵਿੱਚ ਯੂਸੀਸੀ 'ਤੇ ਇੱਕ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਯੂਨੀਫਾਰਮ ਸਿਵਲ ਕੋਡ ਦੇ ਨਾਂ 'ਤੇ ਭੜਕਾਇਆ ਕੀਤੀ ਜਾ ਰਹੀ ਹੈ। ਜੇਕਰ ਕਿਸੇ ਘਰ ਵਿੱਚ ਪਰਿਵਾਰ ਦੇ ਇੱਕ ਮੈਂਬਰ ਲਈ ਇੱਕ ਕਾਨੂੰਨ ਅਤੇ ਦੂਜੇ ਮੈਂਬਰ ਲਈ ਦੂਜਾ ਕਾਨੂੰਨ ਹੈ, ਤਾਂ ਉਹ ਘਰ ਨਹੀਂ ਚੱਲ ਸਕੇਗਾ। ਅਜਿਹੀ ਸਥਿਤੀ ਵਿੱਚ ਦੇਸ਼ ਦੋਹਰੇ ਸਿਸਟਮ ਨਾਲ ਕਿਵੇਂ ਚੱਲ ਸਕੇਗਾ? ਸੰਵਿਧਾਨ ਵਿੱਚ ਵੀ ਨਾਗਰਿਕਾਂ ਦੇ ਬਰਾਬਰ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਸੁਪਰੀਮ ਕੋਰਟ ਵੀ ਕਹਿ ਰਹੀ ਹੈ ਕਿ ਸਾਂਝਾ ਸਿਵਲ ਕੋਡ ਲਿਆਓ।


UCC ਕੀ ਹੈ?


ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਦੇਸ਼ ਦੇ ਸਾਰੇ ਨਾਗਰਿਕਾਂ ਲਈ ਇਕਸਾਰ ਕਾਨੂੰਨ ਬਣਾਉਣਾ। ਇਹ ਬਿਨਾਂ ਕਿਸੇ ਧਰਮ, ਜਾਤ ਜਾਂ ਲਿੰਗ ਭੇਦਭਾਵ ਦੇ ਲਾਗੂ ਹੋਵੇਗਾ। ਵਰਤਮਾਨ ਵਿੱਚ, ਹਿੰਦੂ, ਈਸਾਈ, ਪਾਰਸੀ, ਮੁਸਲਮਾਨ ਵਰਗੇ ਵੱਖ-ਵੱਖ ਧਾਰਮਿਕ ਭਾਈਚਾਰੇ ਵਿਆਹ, ਤਲਾਕ, ਉਤਰਾਧਿਕਾਰ ਅਤੇ ਗੋਦ ਲੈਣ ਦੇ ਮਾਮਲਿਆਂ ਵਿੱਚ ਆਪਣੇ ਨਿੱਜੀ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ ਫੌਜਦਾਰੀ ਕਾਨੂੰਨ ਇੱਕੋ ਜਿਹੇ ਹਨ।