Punjab News: ਪੰਜਾਬ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਸਰਕਾਰ ਕਿਸਾਨਾਂ ਨੂੰ ਬਾਸਮਤੀ ਉਪਰ ਵੀ ਐਮਐਸਪੀ ਦੇਣ ਦੀ ਤਿਆਰੀ ਕਰ ਰਹੀ ਹੈ। ਬਾਸਮਤੀ ਦੀ ਫ਼ਸਲ ’ਤੇ 2600 ਤੋਂ 2800 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦਿੱਤੀ ਜਾ ਸਕਦੀ ਹੈ। ਇਸ ਨਾਲ ਸਰਕਾਰ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਨੂੰ ਰੋਕਣਾ ਚਾਹੁੰਦੀ ਹੈ, ਉੱਥੇ ਹੀ ਬਿਜਲੀ ਸੰਕਟ ਦਾ ਵੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 


ਖਬਰ ਏਜੰਸੀ ਪੀਟੀਆਈ ਮੁਤਾਬਕ ਪੰਜਾਬ ਸਰਕਾਰ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਸੂਬੇ ਵਿੱਚ ਬਾਸਮਤੀ ਹੇਠਲਾ ਰਕਬਾ 20 ਫੀਸਦੀ ਵਧਾਉਣ ਦੀ ਯੋਜਨਾ ਬਣ ਰਹੀ ਹੈ। ਪੰਜਾਬ ਸਰਕਾਰ ਬਾਸਮਤੀ ਨੂੰ ਝੋਨੇ ਦੇ ਬਦਲ ਵਜੋਂ ਦੇਖ ਰਹੀ ਹੈ ਕਿਉਂਕਿ ਝੋਨੇ ਨਾਲ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਬਹੁਤ ਹੁੰਦੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਸਮਤੀ ਦੀ ਲੁਆਈ ਇਸੇ ਮਹੀਨੇ ਸ਼ੁਰੂ ਹੋਣੀ ਹੈ ਤੇ ਵਿਭਾਗ ਐਤਕੀ ਛੇ ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਲੁਆਈ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਪਿਛਲੇ ਸਾਲ ਪੰਜਾਬ ਵਿੱਚ 4.94 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਦੀ ਲੁਆਈ ਹੋਈ ਸੀ। 



ਦੂਜੇ ਪਾਸੇ ਪੰਜਾਬ ਸਰਕਾਰ ਬਾਸਮਤੀ ਦੀ ਫ਼ਸਲ ’ਤੇ 2600 ਤੋਂ 2800 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦੇਣ ਦੀ ਯੋਜਨਾ ਬਣਾ ਰਹੀ ਹੈ। ਪੰਜਾਬ ਵਿੱਚ ਬਾਸਮਤੀ ਦੀ ਫ਼ਸਲ ਨੂੰ ਹੁਲਾਰਾ ਦੇਣ ਲਈ ਖੇਤੀਬਾੜੀ ਵਿਭਾਗ ਨੇ ‘ਕਿਸਾਨ ਮਿੱਤਰ’ ਸਕੀਮ ਵੀ ਸ਼ੁਰੂ ਕੀਤੀ ਹੈ, ਜਿਸ ਤਹਿਤ ਕਿਸਾਨ ਨੂੰ ਫ਼ਸਲ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। 



ਹਾਸਲ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲ 2021-22 ਦੌਰਾਨ ਬਾਸਮਤੀ ਹੇਠਲਾ ਰਕਬਾ 4.85 ਲੱਖ ਹੈਕਟੇਅਰ ਸੀ ਜਦਕਿ 2020-21 ਦੌਰਾਨ ਇਹ ਰਕਬਾ 4.06 ਲੱਖ ਹੈਕਟੇਅਰ ਸੀ। ਹਾਲਾਂਕਿ ਪੰਜਾਬ ਵਿੱਚ ਹਰ ਸਾਲ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਝੋਨੇ ਤੇ ਬਾਸਮਤੀ ਦੀ ਲੁਆਈ ਹੁੰਦੀ ਹੈ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ ਤੇ ਹੋਰ ਜ਼ਿਲ੍ਹਿਆਂ ਵਿੱਚ ਬਾਸਮਤੀ ਦੀ ਫ਼ਸਲ ਹੁੰਦੀ ਹੈ। 


ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਆਸ ਪ੍ਰਗਟਾਈ ਹੈ ਕਿ ਐਤਕੀ ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿਚ ਬਾਸਮਤੀ ਹੇਠਲਾ ਰਕਬਾ ਵਧੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਝੋਨੇ ਨਾਲ ਹੁੰਦੀ ਪਾਣੀ ਦੀ ਬਰਬਾਦੀ ਰੋਕਣ ਲਈ ਕਿਸਾਨਾਂ ਨੂੰ ਬਾਸਮਤੀ, ਨਰਮਾ ਤੇ ਦਾਲਾਂ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਸਾਲ ਕਿਸਾਨਾਂ ਨੂੰ ਬਾਸਮਤੀ ਦਾ 3500 ਰੁਪਏ ਕੁਇੰਟਲ ਤੋਂ ਵੱਧ ਭਾਅ ਮਿਲਿਆ ਸੀ, ਜਿਸ ਕਾਰਨ ਐਤਕੀ ਪਿਛਲੇ ਸਾਲ ਨਾਲੋਂ ਵੱਧ ਕਿਸਾਨ ਬਾਸਮਤੀ ਦੀ ਲੁਆਈ ਕਰਨਗੇ। 


ਉਨ੍ਹਾਂ ਆਖਿਆ ਕਿ ‘ਕਿਸਾਨ ਮਿੱਤਰ’ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਦੀ ਪੈਦਾਵਾਰ ਬਾਰੇ ਜਾਗਰੂਕ ਕਰਨਗੇ ਤੇ ਉਹ ਫਸਲ ਦੀ ਲੁਆਈ ਤੋਂ ਵੱਢਣ ਤੱਕ ਕਿਸਾਨਾਂ ਦੇ ਸੰਪਰਕ ਵਿੱਚ ਰਹਿਣਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਬਾਸਮਤੀ ਦੀ ਫ਼ਸਲ ’ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਵਰਤਣ ਦੀ ਸਲਾਹ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਬਾਸਮਤੀ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਮੌਜੂਦਾ ਸਮੇਂ ਬਾਸਮਤੀ ’ਤੇ ਹੋ ਰਹੀ ਕੀਟਨਾਸ਼ਕ ਵਰਤੋਂ ਘਟਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।


ਹਾਸਲ ਜਾਣਕਾਰੀ ਅਨੁਸਾਰ ਭਾਰਤ ਹਰ ਸਾਲ 3500 ਕਰੋੜ ਰੁਪਏ ਤੋਂ ਵੱਧ ਦੀ ਬਾਸਮਤੀ ਬਰਾਮਦ ਕਰਦਾ ਹੈ, ਜਿਸ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਬਾਸਮਤੀ ’ਤੇ ਐਮਐਸਪੀ ਦੇਣ ਦੀ ਯੋਜਨਾ ਬਣਾ ਰਹੀ ਹੈ। ਦੂਜੇ ਪਾਸੇ ਜੇਕਰ ਮਾਰਕੀਟ ਵਿੱਚ ਬਾਸਮਤੀ ਦਾ ਭਾਅ ਐਮਐਸਪੀ ਤੋਂ ਘੱਟ ਜਾਂਦਾ ਹੈ ਤਾਂ ਪੰਜਾਬ ਸਰਕਾਰ ਮਾਰਕਫੈੱਡ ਰਾਹੀਂ ਦਖਲ ਦੇ ਕੇ ਖੁਦ ਫਸਲ ਖਰੀਦੇਗੀ। 


ਹਾਲਾਂਕਿ ਸਰਕਾਰ ਨੇ ਐਮਐਸਪੀ ਬਾਰੇ ਹਾਲੇ ਤਕ ਕੋਈ ਫੈਸਲਾ ਨਹੀਂ ਲਿਆ ਪਰ ਇਹ ਭਾਅ 2600 ਤੋਂ 2800 ਰੁਪਏ ਪ੍ਰਤੀ ਕੁਇੰਟਲ ਹੋ ਸਕਦਾ ਹੈ। ਪੰਜਾਬ ਵਿੱਚ ਕਿਸਾਨ ਮੁੱਖ ਤੌਰ ’ਤੇ ਬਾਸਮਤੀ ਦੀਆਂ ਪੂਸਾ 1121, ਪੂਸਾ 1509 ਅਤੇ 386 ਕਿਸਮਾਂ ਦੀ ਪੈਦਾਵਾਰ ਕਰਦੇ ਹਨ।