ਰਾਜਪਾਲ ਨੇ ਕਿਹਾ ਮੇਰੀ ਗਲਤੀ ਤਾਂ ਦਿਓ ਸਬੂਤ : ਸੀਐਮ ਭਗਵੰਤ ਮਾਨ ਨੇ ਜਨਤਕ ਕਰ ਦਿੱਤੀ ਵੀਡੀਓ, ਮੁੜ ਸਵਾਲਾਂ ਦੇ ਘੇਰੇ
ਸੀਐਮ ਨੇ ਅਫ਼ਸੋਸ ਜਤਾਇਆ ਕਿ ਇਹ ਮੰਦਭਾਗਾ ਹੈ ਕਿ ਮੌਜੂਦਾ ਕੇਂਦਰੀ ਸ਼ਾਸਨ ਤਹਿਤ ਆਏ ‘ਸਿਲੈਕਟਿਡ ਲੋਕ’, ‘ਇਲੈਕਟਿਡ ਨੁਮਾਇੰਦਿਆਂ’ ਦੇ ਮਾਮਲਿਆਂ ਵਿੱਚ ਤਾਕ-ਝਾਕ ਕਰ ਰਹੇ, ਸੂਬਾ ਸਰਕਾਰ ਦੇ ਸੁਚਾਰੂ ਕੰਮਕਾਜ ਨੂੰ ਲੀਹੋਂ ਲਾਹੁਣ ਲਈ ਬੇਲੋੜੇ ਅੜਿੱਕੇ..

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਮਾਨ ਸਰਕਾਰ ਵਿਚਾਲੇ ਤਕਰਾਰ ਮੁੜ ਵੱਧਦੀ ਦਿਖਾਈ ਦੇ ਰਹੀ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਸਪੀਚ ਦੇਣ ਮੌਕੇ ਗਵਰਨਰ ਨੇ ਜਦੋਂ 'ਮੇਰੀ ਸਰਕਾਰ' ਸ਼ਬਦ ਨਹੀਂ ਬੋਲਿਆ ਤਾਂ ਆਮ ਆਦਮੀ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਸੀ। ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਅੱਜ ਰਾਜਪਾਲ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫੰਰਸ ਕਰਕੇ ਸਵਾਲ ਖੜ੍ਹਾ ਕੀਤਾ ਕਿ ਸਰਕਾਰ ਕੋਲੋ ਜੇਕਰ ਕੋਈ ਸਬੂਤ ਹੈ ਕਿ ਮੈਂ 'ਮੇਰੀ ਸਰਕਾਰ' ਨਹੀਂ ਬੋਲਿਆ ਤਾਂ ਉਸ ਨੂੰ ਸਾਹਮਣੇ ਲਿਆਂਦਾ ਜਾਵੇ।
ਪੰਜਾਬ ਦੇ ਰਾਜਪਾਲ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਜਿਸ ਵਿੱਚ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ ਆਪਣਾ ਭਾਸ਼ਣ ‘ਮੇਰੀ ਸਰਕਾਰ’ ਸ਼ਬਦ ਤੋਂ ਸ਼ੁਰੂ ਕੀਤਾ ਸੀ ਪਰ ਜਦੋਂ ਵਿਰੋਧੀ ਧਿਰ ਵੱਲੋਂ ਬਿਨਾਂ ਕਿਸੇ ਤਰਕ ਦੇ ਰੌਲਾ ਪਾਇਆ ਗਿਆ ਤਾਂ ਉਨ੍ਹਾਂ ਨੇ ਸਿਰਫ਼ ‘ਸਰਕਾਰ’ ਸ਼ਬਦ ਦੀ ਵਰਤੋਂ ਕਰਨ ਨੂੰ ਤਰਜੀਹ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਹਾਲਾਂਕਿ ਜਦੋਂ ਉਨ੍ਹਾਂ ਨੇ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਯਾਦ ਕਰਵਾਇਆ ਤਾਂ ਉਨ੍ਹਾਂ ਆਪਣਾ ਰੁਖ਼ ਬਦਲ ਲਿਆ ਅਤੇ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਰਿਕਾਰਡ ਤੋਂ ਮਿਲੀ ਵੀਡੀਓ ਰਿਕਾਰਡਿੰਗ ਇਸ ਗੱਲ ਦਾ ਸਬੂਤ ਹੈ ਕਿ ਰਾਜਪਾਲ ਚੁਣੀ ਹੋਈ ਸੂਬਾ ਸਰਕਾਰ ਪ੍ਰਤੀ ਵਿਰੋਧੀ ਰਵੱਈਆ ਅਪਣਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਦੀ ਬੇਬੁਨਿਆਦ ਅਤੇ ਗੁਮਰਾਹਕੁੰਨ ਬਿਆਨਬਾਜ਼ੀ ਇਸ ਅਹੁਦੇ ਦੀ ਨਿਰਾਦਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਵੱਲੋਂ ਜਾਰੀ ਕੀਤੇ ਜਾ ਰਹੇ ਬਿਆਨ ਰਾਜ ਵਿਧਾਨ ਸਭਾ ਵਿੱਚ ਉਨ੍ਹਾਂ ਦੀਆਂ ਕਾਰਵਾਈਆਂ ਦੇ ਬਿਲਕੁਲ ਉਲਟ ਹਨ, ਜਿਨ੍ਹਾਂ ਦੇ ਰਿਕਾਰਡਿਡ ਸਬੂਤ ਵੀ ਹਨ। ਭਗਵੰਤ ਮਾਨ ਨੇ ਰਾਜਪਾਲ ਨੂੰ ਪੁੱਛਿਆ ਕਿ ਉਹ ਆਪਣੇ ਸੰਬੋਧਨ ਦੌਰਾਨ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਨਾ ਕਰਕੇ ਆਪਣਾ ਸੰਵਿਧਾਨਕ ਫ਼ਰਜ਼ ਨਿਭਾਉਣ ਵਿੱਚ ਅਸਫ਼ਲ ਕਿਉਂ ਰਹੇ।
ਮੁੱਖ ਮੰਤਰੀ ਨੇ ਅਫ਼ਸੋਸ ਜਤਾਇਆ ਕਿ ਇਹ ਮੰਦਭਾਗਾ ਹੈ ਕਿ ਮੌਜੂਦਾ ਕੇਂਦਰੀ ਸ਼ਾਸਨ ਤਹਿਤ ਆਏ ‘ਸਿਲੈਕਟਿਡ ਲੋਕ’, ‘ਇਲੈਕਟਿਡ ਨੁਮਾਇੰਦਿਆਂ’ ਦੇ ਮਾਮਲਿਆਂ ਵਿੱਚ ਤਾਕ-ਝਾਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਸੁਚਾਰੂ ਕੰਮਕਾਜ ਨੂੰ ਲੀਹੋਂ ਲਾਹੁਣ ਲਈ ਬੇਲੋੜੇ ਅੜਿੱਕੇ ਡਾਹੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਰਾਜ ਭਵਨ ਹੁਣ ਭਾਜਪਾ ਦੇ ਸੂਬਾਈ ਹੈੱਡ-ਕੁਆਰਟਰ ਵਜੋਂ ਕੰਮ ਕਰ ਰਹੇ ਹਨ, ਜੋ ਭਾਰਤੀ ਜਮਹੂਰੀਅਤ ਲਈ ਬਹੁਤ ਖਤਰਨਾਕ ਰੁਝਾਨ ਹੈ।
Before You Go
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
ਟ੍ਰੈਂਡਿੰਗ ਟੌਪਿਕ





















