ਚੰਡੀਗੜ੍ਹ: ਜਲੰਧਰ ਵਿੱਚ ਬੀਤੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਨਸ਼ੇ ਦੀ ਲਪੇਟ ਵਿੱਚ ਆਈ ਕੁੜੀ ਵੱਲੋਂ ਪੰਜਾਬ ਪੁਲਿਸ ਦੇ ਇੱਕ ਉਪ ਪੁਲਿਸ ਕਪਤਾਨ 'ਤੇ ਖ਼ੁਦ ਨੂੰ ਨਸ਼ੇੜੀ ਬਣਾਉਣ ਦੇ ਦੋਸ਼ ਲਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਐਕਸ਼ਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਉਕਤ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਦਾ ਜ਼ਿੰਮਾ ਕਿਸੇ ਮਹਿਲਾ ਆਈਪੀਐਸ ਅਧਿਕਾਰੀ ਨੂੰ ਸੌਂਪਿਆ ਜਾਵੇਗਾ। ਡੀਐਸਪੀ ਵਿਰੁੱਧ ਜਾਂਚ ਰਿਪੋਰਟ ਇੱਕ ਹਫ਼ਤੇ ਵਿੱਚ ਆ ਜਾਵੇਗੀ।

 

ਦਰਅਸਲ, ਮੁੱਖ ਮੰਤਰੀ 'ਤੇ ਕਾਫੀ ਦਬਾਅ ਬਣ ਚੁੱਕਾ ਸੀ। ਨਸ਼ੇ ਵਿੱਚ ਗਲਤਾਨ ਹੋਈ ਕੁੜੀ ਨੇ ਪਹਿਲਾਂ ਡੀਐਸਪੀ ਬਾਰੇ ਮੀਡੀਆ ਸਾਹਮਣੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਾਬਕਾ ਮੰਤਰੀ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਾਹਮਣੇ ਦੱਸੀ ਸੀ। ਦੋਵੇਂ ਲੀਡਰ ਕਪੂਰਥਲਾ ਵਿੱਚ ਔਰਤਾਂ ਲਈ ਵਿਸ਼ੇਸ਼ ਨਵਕਿਰਨ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕਰਨ ਆਏ ਸੀ।

https://twitter.com/RT_MediaAdvPbCM/status/1012348659730735104

ਤਿੰਨ ਦਿਨ ਪਹਿਲਾਂ ਨਸ਼ੇ ਵਿੱਚ ਗ੍ਰਸਤ ਹੋਈਆਂ ਔਰਤਾਂ ਲਈ ਕਪੂਰਥਲਾ ਵਿੱਚ ਖੋਲ੍ਹੇ ਨਸ਼ਾ ਛੁਡਾਊ ਕੇਂਦਰ ਦੇ ਬੰਦ ਹੁੰਦਿਆਂ ਹੀ ਉੱਥੋਂ ਇਲਾਜ ਕਰਵਾਉਣ ਵਾਲੀ ਲੜਕੀ ਨੇ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਨਸਨੀਖੇਜ਼ ਖੁਲਾਸੇ ਕੀਤੇ ਸਨ। ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨਾਲ ਆਈ ਉਕਤ ਕੁੜੀ ਨੇ ਉਸ ਨੂੰ ਨਸ਼ੇ ‘ਤੇ ਲਾਉਣ ਪਿੱਛੇ ਲੁਧਿਆਣਾ ਵਿੱਚ ਬਤੌਰ ਡੀਐਸਪੀ ਰਹਿ ਚੁੱਕੇ ਅਧਿਕਾਰੀ ਦਾ ਹੱਥ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਉਸ ਡੀਐਸਪੀ ਨੇ ਉਸ ਦਾ ਸਰੀਰਕ ਸੋਸ਼ਣ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।

https://twitter.com/SukhpalKhaira/status/1012542773386530816

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਕੈਪਟਨ ਦੇ ਐਕਸ਼ਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨਸਾਫ਼ ਨਹੀਂ ਹੈ। ਉਨ੍ਹਾਂ ਟਵੀਟ ਕੀਤਾ ਕਿ ਉਕਤ ਡੀਐਸਪੀ 'ਤੇ ਕੇਸ ਦਰਜ ਕੀਤਾ ਜਾਵੇ ਤੇ ਉਸ ਨੂੰ ਨੌਕਰੀਉਂ ਬਰਖ਼ਾਸਤ ਕੀਤਾ ਜਾਵੇ ਤਾਂ ਜੋ ਡਰੱਗ ਮਾਫੀਆ ਤੇ ਪੁਲਿਸ ਦੇ ਤਾਣੇ ਬਾਣੇ ਨੂੰ ਤੋੜਣ ਵਾਲਾ ਇੱਕ ਮਜ਼ਬੂਤ ਸੰਦੇਸ਼ ਜਾਵੇ।