ਰੌਬਟ
ਚੰਡੀਗੜ੍ਹ: ਕੈਪਟਨ ਸਰਕਾਰ ਬਣੀ ਨੂੰ ਤਿੰਨ ਸਾਲ ਹੋ ਗਏ ਹਨ। ਇਸ ਦੇ ਬਾਵਜੂਦ ਪੰਜਾਬ ਵਿੱਚ ਰੇਤ, ਨਸ਼ਾ, ਸ਼ਰਾਬ ਤੇ ਟਰਾਂਸਪੋਰਟ ਮਾਫੀਆ ਧੜੱਲੇ ਨਾਲ ਵਧ-ਫੁੱਲ ਰਿਹਾ ਹੈ। ਇਹ ਕਾਂਗਰਸੀ ਲੀਡਰਾਂ ਖੁਦ ਵਿਧਾਨ ਸਭਾ ਵਿੱਚ ਕਬੂਲਿਆ ਹੈ। ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਗ ਖੁੱਲ੍ਹੀ ਹੈ। ਹੁਣ ਉਨ੍ਹਾਂ ਅਗਲੇ ਦੋ ਸਾਲਾਂ ਅੰਦਰ ਮਾਫੀਆ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ।
ਕਾਂਗਰਸ ਸਰਕਾਰ ਨੇ ਰਾਜ ਦੀ ਰੇਤ, ਨਸ਼ਾ, ਸ਼ਰਾਬ ਅਤੇ ਟਰਾਂਸਪੋਰਟ ਮਾਫੀਆ 'ਤੇ ਠੋਸ ਕਾਰਵਾਈ ਕਰਨ ਲਈ ਵਿਸ਼ੇਸ਼ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਮੰਗਲਵਾਰ ਨੂੰ, ਸਰਕਾਰ ਨੇ ਸਪੱਸ਼ਟ ਕੀਤਾ ਕਿ ਇਸ ਕਮੇਟੀ ਵਿੱਚ ਟਰਾਂਸਪੋਰਟ, ਲੋਕਲ ਬਾਡੀ, ਉਦਯੋਗ, ਜੰਗਲਾਤ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਆਬਕਾਰੀ ਤੇ ਕਰ ਵਿਭਾਗਾਂ ਦੇ ਮੰਤਰੀ ਤੇ ਅਧਿਕਾਰੀ ਸ਼ਾਮਲ ਕੀਤੇ ਜਾਣਗੇ। ਇਹ ਕਮੇਟੀ ਉਪਰੋਕਤ ਚਾਰ ਮਾਫੀਆ 'ਤੇ ਠੋਸ ਕਾਰਵਾਈ ਕਰੇਗੀ। ਕਮੇਟੀ ਇਸ ਲਈ ਪੰਜਾਬ ਇੰਟੈਲੀਜੈਂਸ ਬਿਉਰੋ ਦੀਆਂ ਸੇਵਾਵਾਂ ਵੀ ਲੈ ਸਕਦੀ ਹੈ।
ਇਹ ਕਮੇਟੀ ਹਰ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਕਰੇਗੀ। ਮਾਲ ਤੇ ਜਲ ਨਿਕਾਸ ਮੰਤਰੀ ਸੁੱਖ ਸਰਕਾਰੀਆ ਨੇ ਕਿਹਾ ਕਿ ਹਾਲਾਂਕਿ ਸਰਕਾਰ ਉਪਰੋਕਤ ਚਾਰ ਮਾਫੀਆ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ। ਹੁਣ ਆਉਣ ਵਾਲੇ ਦੋ ਸਾਲਾਂ ਵਿੱਚ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਮਾਫੀਆ ਰਾਜ ਨੂੰ ਖ਼ਤਮ ਕੀਤਾ ਜਾ ਸਕੇ। ਇਸ ਲਈ ਸਰਕਾਰ ਨੇ ਇਸ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕਮੇਟੀ ਅਗਲੇ ਕੁਝ ਦਿਨਾਂ ਵਿੱਚ ਹਰਕਤ ਵਿੱਚ ਆਵੇਗੀ ਤੇ ਇਸ ਦੇ ਨਤੀਜੇ ਮਾਫੀਆ 'ਤੇ ਨਜ਼ਰ ਆਉਣਗੇ।
ਇਹ ਕਮੇਟੀ ਸਮੇਂ-ਸਮੇਂ ਤੇ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਨੂੰ ਮਿਲ ਕੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਉਪਰੋਕਤ ਚਾਰ ਮਾਫੀਆ ਦੀ ਨਿਗਰਾਨੀ ਕਰੇਗੀ ਤੇ ਲੋੜੀਂਦੀ ਕਾਰਵਾਈ ਕਰੇਗੀ ਜੋ ਵੀ ਵਿਭਾਗ ਨਾਲ ਸਬੰਧਤ ਮਾਫੀਆ ਇੱਕ ਜ਼ਿਲ੍ਹੇ ਵਿੱਚ ਫਸਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਕਮੇਟੀ ਦੀ ਇੱਕ ਸਾਂਝੀ ਮੀਟਿੰਗ ਹਰ 15 ਦਿਨਾਂ ਬਾਅਦ ਹੋਵੇਗੀ।
ਇਸ ਵਿੱਚ ਉਹ ਸਾਰੇ ਵਿਭਾਗਾਂ ਦੇ ਨਾਲ ਮਿਲ ਕੇ ਮਾਫੀਆ ਨਾਲ ਸਬੰਧਤ ਕਾਰਵਾਈ ਦੀ ਰਿਪੋਰਟ ਤਿਆਰ ਕਰਨਗੇ। ਇਹ ਕਮੇਟੀ ਮਹੀਨੇ ਵਿੱਚ ਇੱਕ ਵਾਰ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗੀ ਤੇ ਉਨ੍ਹਾਂ ਨੂੰ ਸਾਰੇ ਮਾਮਲਿਆਂ ਵਿੱਚ ਚੁੱਕੇ ਕਦਮਾਂ ਦੀ ਪੂਰੀ ਰਿਪੋਰਟ ਦੇਵੇਗੀ। ਜੇਕਰ ਕੋਈ ਸਮੱਸਿਆ ਹੈ ਤਾਂ ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।