ਅੰਮ੍ਰਿਤਸਰ : ਵੇਟ ਲਿਫਟਿੰਗ 'ਚ ਲਵਪ੍ਰੀਤ ਸਿੰਘ ਵੱਲੋਂ ਕਾਂਸੀ ਦਾ ਤਗਮਾ ਜਿੱਤਣ 'ਤੇ ਹਲਕਾ ਅਟਾਰੀ ਦੇ ਪਿੰਡ ਬੱਲ ਸਚੰਦਰ 'ਚ ਖੁਸ਼ੀ ਦਾ ਮਾਹੌਲ ਹੈ। ਲਵਪ੍ਰੀਤ ਨੇ ਸਾਧਾਰਣ ਪਰਿਵਾਰ 'ਚੋਂ ਉਠ ਕੇ ਵੇਟ ਲਿਫਟਿੰਗ 'ਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਲਵਪ੍ਰੀਤ ਦੇ ਪਿਤਾ ਪਿੰਡ 'ਚ ਦਰਜੀ ਦਾ ਕੰਮ ਕਰਦੇ ਹਨ। ਲਵਪ੍ਰੀਤ ਜੂਨੀਅਰ 'ਚ ਕਈ ਮੈਡਲ ਜਿੱਤ ਚੁੱਕਾ ਹੈ।
ਵੇਟਲਿਫਟਿੰਗ ਵਿੱਚ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ 109 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਸਨੈਚ ਵਿੱਚ 163 ਅਤੇ ਕਲੀਨ ਐਂਡ ਜਰਕ ਵਿੱਚ 192 ਕਿਲੋ ਸਮੇਤ ਕੁੱਲ 355 ਕਿਲੋ ਭਾਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ਵਿੱਚ ਲਵਪ੍ਰੀਤ ਨੇ 185 ਕਿਲੋ ਭਾਰ ਚੁੱਕਿਆ।
ਪੰਜਾਬ ਦੇ 24 ਸਾਲਾ ਖਿਡਾਰੀ ਨੇ ਕੁੱਲ 355 ਕਿਲੋ ਭਾਰ ਚੁੱਕਿਆ। ਕੈਮਰੂਨ ਦੇ ਜੂਨੀਅਰ ਨਯਾਬਾਏਯੂ ਨੇ ਕੁੱਲ 360 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ, ਜਦਕਿ ਸਮੋਆ ਦੇ ਜੈਕ ਓਪੇਲੋਗੇ ਨੇ 358 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦਾ ਲਵਪ੍ਰੀਤ ਸਿੰਘ ਦਾਅਵਾ ਪੇਸ਼ ਕਰ ਰਿਹਾ ਹੈ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ 157 ਕਿਲੋ ਭਾਰ ਚੁੱਕਿਆ। ਉਸਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 161 ਕਿਲੋ ਭਾਰ ਚੁੱਕਿਆ। ਉਸ ਨੇ ਤੀਜੀ ਕੋਸ਼ਿਸ਼ ਵਿੱਚ 163 ਕਿਲੋ ਭਾਰ ਚੁੱਕਿਆ।
ਭਾਰਤ ਦਾ ਇਹ 14ਵਾਂ ਤਮਗਾ ਹੈ। ਭਾਰਤ ਨੇ ਹੁਣ ਤੱਕ ਵੇਟਲਿਫਟਿੰਗ ਵਿਚ ਅੱਠ ਤਮਗ਼ੇ ਜਿੱਤੇ ਹਨ, ਜਿਨ੍ਹਾਂ ਵਿਚ ਤਿੰਨ ਸੋਨ ਤਮਗ਼ੇ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ 4 ਤਗਮੇ ਜਿੱਤ ਕੇ ਤਮਗਿਆਂ ਦੀ ਗਿਣਤੀ 13 ਹੋ ਗਈ ਸੀ। ਭਾਰਤ ਨੇ 5ਵੇਂ ਦਿਨ ਬੈਡਮਿੰਟਨ ਅਤੇ ਵੇਟਲਿਫਟਿੰਗ ਵਿੱਚ ਵੀ ਤਗਮੇ ਜਿੱਤੇ ਸਨ, ਜਿਸ ਵਿੱਚ ਟੇਬਲ ਟੈਨਿਸ ਅਤੇ ਲਾਅਨ ਬਾਲ ਵਿੱਚ ਸੋਨੇ ਦਾ ਤਗਮਾ ਵੀ ਸ਼ਾਮਲ ਹੈ।