ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਅੱਠ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।ਪਰ ਇਸ ਕੇਸ 'ਚ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਨੇ ਆਖਿਆ ਕਿ ਪੁਲਿਸ ਛੇਤੀ ਅਸਲ ਕਾਤਲਾਂ ਨੂੰ ਗ੍ਰਿਫਤਾਰ ਕਰੇ ਅਤੇ ਨਾਲ ਹੀ ਮੰਗ ਕੀਤੀ ਕਿ ਇਸ ਕੇਸ 'ਚ ਕਿਸੇ ਨੂੰ ਨਾਜਾਇਜ਼ ਨਾ ਫਸਾਇਆ ਜਾਵੇ।

ਜਗਦੀਸ਼ ਕੌਰ ਨੇ ਕਿਹਾ ਕਿ ਪੁਲਿਸ ਵੱਲੋਂ ਹੀ ਸਾਫ ਕਰ ਦਿੱਤਾ ਗਿਆ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਇਸ ਮਾਮਲੇ 'ਚ ਕੋਈ ਰੋਲ ਨਹੀ ਹੈ।ਜਗਦੀਸ਼ ਕੌਰ ਨੇ ਸਾਫ਼ ਆਖਿਆ ਕਿ ਗੈਂਗਸਟਰ ਵੀ ਸਮਾਜ ਵਿਰੋਧੀ ਅਨਸਰ ਹਨ, ਜੋ ਬੇਕਸੂਰਾਂ ਨੂੰ ਮਾਰਦੇ ਹਨ ਤੇ ਉਹ ਇਸ ਸੰਭਾਵਨਾ ਨੂੰ ਰੱਦ ਨਹੀਂ ਕਰਦੇ ਕਿ ਉਨਾਂ ਦੇ ਪਤੀ ਦੇ ਕਤਲ ਪਿੱਛੇ ਗੈਂਗਸਟਰ ਨਹੀਂ ਹੋ ਸਕਦੇ। ਪੈਸੇ ਦੇ ਲਾਲਚ ਪਿੱਛੇ ਕੋਈ ਵੀ ਗੈਂਗਸਟਰ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਜਗਦੀਸ਼ ਕੌਰ ਨੇ ਜ਼ੋਰ ਦੇ ਕਿ ਕਿਹਾ ਇਸ ਪਿੱਛੇ ਰੈਫਰੈਂਡਮ 2020 ਦਾ ਹੱਥ ਹੋ ਸਕਦਾ ਹੈ।

ਦੱਸ ਦੇਈਏ ਕਿ ਪੀੜਤ ਪਰਿਵਾਰ ਪਹਿਲੇ ਦਿਨ ਤੋਂ ਹੀ ਰੈਫਰੈਂਡਮ 2020 ਦੇ ਸਮਰਥਕਾਂ ਤੇ ਸ਼ੱਕ ਜਤਾ ਰਿਹਾ ਹੈ।ਪੀੜਤ ਪਰਿਵਾਰ ਨੇ ਪੁਲਿਸ ਦੀ ਹੁਣ ਤਕ ਦੀ ਜਾਂਚ 'ਤੇ ਅਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਮੋਟਰਸਾਈਕਲ ਕਦੇ ਲੁਧਿਆਣਾ ਤੱਕ ਜਾਣ ਦੀਆਂ ਗੱਲਾਂ ਆਉਂਦੀਆਂ ਹਨ ਤੇ ਕਦੇ ਮੋਟਰਸਾਈਕਲ ਹਰੀਕੇ ਨਹਿਰ 'ਚੋਂ ਬਰਾਮਦ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜੋ ਕਈ ਤਰਾਂ ਦੇ ਸ਼ੰਕੇ ਪੈਦਾ ਕਰਦੀਆਂ ਹਨ।

ਦੱਸ ਦੇਈਏ ਕਿ 16 ਅਕਤੂਬਰ 2020 ਨੂੰ ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਦੋ ਅਣਪਛਾਤੇ ਕਾਤਲਾਂ ਵਲੋਂ ਉਨ੍ਹਾਂ ਦੀ ਭਿੱਖੀਵਿੰਡ ਰਹਾਇਸ਼ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਤਲ ਮਾਮਲੇ ਦੀ ਜਾਂਚ ਲਈ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਸੀ।

ਪੁਲਿਸ ਨੇ ਭਾਵੇਂ ਅੱਠ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਭਰੋਸੇਯੋਗ ਸੂਤਰਾਂ ਮੁਤਾਬਿਕ ਬਲਵਿੰਦਰ ਸਿੰਘ ਦੇ ਕਾਤਲ ਸਰਹੱਦ ਪਾਰ ਪਾਕਿਸਤਾਨ ਬੈਠੇ ਹਨ। ਸੂਤਰਾਂ ਅਨੁਸਾਰ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਮੁਖੀ ਰਣਜੀਤ ਸਿੰਘ ਨੀਟਾ ਜੋ ਇਸ ਵਕਤ ਪਾਕਿਸਤਾਨ 'ਚ ਮੌਜੂਦ ਹਨ ਇਸ ਪੂਰੇ ਕਤਲ ਮਾਮਲੇ ਦਾ ਮਾਸਟਰਮਾਇੰਡ ਹੈ।ਸੂਤਰਾਂ ਮੁਤਾਬਿਕ ਇਹ ਪੂਰੀ ਕਤਲ ਦੀ ਵਾਰਦਾਤ ਨੂੰ ਪਾਕਿਸਤਾਨ 'ਚ ਬੈਠੇ ਨੀਟਾ ਨੇ ਰਚਿਆ ਹੈ।ਪੁਲਿਸ ਨੇ ਕਤਲ ਕੇਸ 'ਚ ਇਸਤਮਾਲ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ।