ਚੰਡੀਗੜ੍ਹ: ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਦੀ ਹਾਲਤ ਕੁਝ ਬਦਲ ਗਈ ਹੈ। ਪੰਜਾਬ ਦੇ ਸਿਆਸਤ ਦੇ ਰੁਝਾਨ ਦਾ ਅੰਦਾਜ਼ਾ ਲਾਉਣਾ ਥੋੜ੍ਹਾ ਮੁਸ਼ਕਲ ਹੋ ਗਿਆ ਹੈ। ਪਿਛਲੀਆਂ ਚੋਣਾਂ ਵਿੱਚ ਤਾਂ 'ਆਪ' ਨੇ 4 ਸੀਟਾਂ 'ਤੇ ਕਬਜ਼ਾ ਕਰ ਲਿਆ ਸੀ ਪਰ ਇਸ ਵਾਰ ਪਾਰਟੀ ਦੀ ਅੰਦਰੂਨੀ ਕਲ੍ਹਾ ਵੱਡੀ ਮੁਸੀਬਤ ਖੜ੍ਹੀ ਕਰ ਰਹੀ ਹੈ। ਉੱਧਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਕੁਝ ਅਜਿਹਾ ਹੀ ਹਾਲ ਹੈ। ਮੰਨਿਆ ਜਾ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਦੋਵਾਂ ਵਿਰੋਧੀ ਪਾਰਟੀਆਂ ਦੀ ਅੰਦਰੂਨੀ ਫੁੱਟ ਦਾ ਵੱਡਾ ਫਾਇਦਾ ਮਿਲ ਸਕਦਾ ਹੈ। ਪਿਛਲੀ ਵਾਰ 3 ਸੀਟਾਂ ਲੈਣ ਵਾਲੀ ਕਾਂਗਰਸ ਇਸ ਵਾਰ ਅੰਕੜਾ ਦੁੱਗਣਾ ਜਾਂ ਤਿੱਗਣਾ ਕਰ ਸਕਦੀ ਹੈ।


'ਆਪ' ਤੇ ਅਕਾਲੀਆਂ ਨੂੰ ਫੁੱਟ ਦੇ ਦੋ ਵੱਡੇ ਨੁਕਸਾਨ ਹਨ। ਪਹਿਲਾ ਕਿ 'ਆਪ' ਦੇ ਬਾਗ਼ੀ ਸੁਖਪਾਲ ਖਹਿਰਾ ਨੇ ਤੀਜੇ ਧਿਰ ਨੂੰ ਹਵਾ ਦਿੱਤੀ ਜਿਸ ਨਾਲ ਪਟਿਆਲਾ ਤੇ ਬਠਿੰਡਾ ਦੀਆਂ ਦੋ ਸੀਟਾਂ 'ਤੇ ਮੁਕਾਬਲਾ ਜ਼ਰਾ ਸਖ਼ਤ ਹੋ ਗਿਆ ਹੈ। ਪਿਛਲੀਆਂ ਚੋਣਾਂ ਵਿੱਚ 'ਆਪ' ਨੂੰ ਸਮਰਥਨ ਦੇਣ ਵਾਲੀ ਪੰਜਾਬ ਦੀ ਦਿਹਾਤੀ ਆਬਾਦੀ ਦਾ ਵੱਡਾ ਹਿੱਸਾ ਇਸ ਵਾਰ ਕਾਂਗਰਸ ਵੱਲ ਖਿਸਕ ਸਕਦਾ ਹੈ। ਇਹੋ ਹਾਲ ਅਕਾਲੀਆਂ ਦਾ ਹੈ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਪੰਥਕ ਧਿਰਾਂ ਸਖ਼ਤ ਟੱਕਰ ਦੇ ਰਹੀਆਂ ਹਨ।

ਖ਼ਾਸ ਗੱਲ ਇਹ ਹੈ ਕਿ ਇਸ ਵਾਰ ਪੰਜਾਬ ਵਿੱਚ ਮੋਦੀ ਫੈਕਟਰ ਗ਼ਾਇਬ ਨਜ਼ਰ ਆ ਰਿਹਾ ਹੈ। ਬੀਜੇਪੀ ਦੇ ਚੋਣ ਪੋਸਟਰਾਂ ਵਿੱਚ ਵੀ ਸਥਾਨਕ ਲੀਡਰਾਂ ਦੀਆਂ ਫੋਟੋਆਂ ਤੇ ਸਥਾਨਕ ਮੁੱਦੇ ਹੀ ਦਿੱਸਦੇ ਹਨ। ਸਰਹੱਦੀ ਸੂਬਾ ਹੋਣ ਦੇ ਬਾਵਜੂਦ ਇੱਥੇ ਰਾਸ਼ਟਰਵਾਦ ਦਾ ਖ਼ਾਸ ਰੋਲ ਨਜ਼ਰ ਨਹੀਂ ਆ ਰਿਹਾ। ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕੁਝ ਹਿੱਸਿਆਂ ਨੂੰ ਛੱਡ ਦੇਈਏ ਤਾਂ ਪਾਕਿਸਾਤਨ ਕਾਰਡ ਦਾ ਖ਼ਾਸ ਰੋਲ ਨਹੀਂ। ਸਥਾਨਕ ਲੋਕ ਵੀ ਪੀਐਮ ਮੋਦੀ ਤੋਂ ਖ਼ੁਸ਼ ਨਜ਼ਰ ਨਹੀਂ ਆ ਰਹੇ।