ਪੜਚੋਲ ਕਰੋ
ਕਰਜ਼ ਮੁਆਫ਼ੀ, ਨਸ਼ਿਆਂ ਤੇ ਬੇਅਦਬੀ ਦੇ ਮੁੱਦਿਆਂ 'ਤੇ ਕੈਪਟਨ ਸਰਕਾਰ ਫੇਲ੍ਹ! ਕਾਂਗਰਸ ਨੇ ਖੁਦ ਕਬੂਲਿਆ ਸੱਚ

ਚੰਡੀਗੜ੍ਹ: ਪੰਜਾਬ ਦੇ ਕਾਂਗਰਸੀ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ। ਹੋਰ ਤਾਂ ਹੋਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੰਨਦੇ ਹਨ ਕਿ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਪੰਜਾਬੀਆਂ ਦੀ ਦਿਲ ਨਹੀਂ ਜਿੱਤ ਸਕੀ। ਇਸ ਦੀ ਪੂਰੀ ਰਿਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤੀ ਹੈ। ਦਰਅਸਲ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਉਲੀਕਣ ਲਈ ਸੂਬਾਈ ਕਾਂਗਰਸ ਮੁਖੀਆਂ ਤੇ ਵਿਧਾਨ ਸਭਾਵਾਂ ’ਚ ਪਾਰਟੀਆਂ ਆਗੂਆਂ ਨਾਲ ਸ਼ਨੀਵਾਰ ਨੂੰ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਜਾਖੜ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਕਿਸਾਨ ਕਰਜ਼ਾ ਮੁਆਫ਼ੀ, ਨਸ਼ਿਆਂ ਦੀ ਰੋਕਥਾਮ ਤੇ ਧਾਰਮਿਕ ਬੇਅਦਬੀ ਦੇ ਮੁੱਦਿਆਂ ’ਤੇ ਕਾਫੀ ਕੁਝ ਕੀਤੇ ਜਾਣ ਦੀ ਲੋੜ ਹੈ। ਇਨ੍ਹਾਂ ਸਾਰੇ ਮੁੱਦਿਆਂ ਨਾਲ ਸਬੰਧਤ ਪਾਰਟੀ ਦੇ ਕੰਮਾਂ ਬਾਰੇ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਅਜੇ ਕਾਫੀ ਸੁਧਾਰ ਦੀ ਲੋੜ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਤੱਕ ਸਰਕਾਰ ਵੱਲੋਂ ਚੁੱਕੇ ਕਦਮਾਂ ਤੋਂ ਲੋਕ ਖੁਸ਼ ਨਹੀਂ ਹਨ। ਦਿਲਚਸਪ ਗੱਲ਼ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਭਰੋਸਾ ਦਿਵਾਇਆ ਕਿ ਅਗਾਮੀ ਲੋਕ ਸਭਾ ਚੋਣਾਂ ’ਚ ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਇਸ ਮਗਰੋਂ ਕੈਪਟਨ ਮੀਟਿੰਗ ’ਚੋਂ ਜਲਦੀ ਹੀ ਚਲੇ ਗਏ। ਇਸ ਤੋਂ ਬਾਅਦ ਹਾਈਕਮਾਨ ਦੇ ਸਵਾਲਾਂ ਦਾ ਜਵਾਬ ਜਾਖੜ ਨੂੰ ਦੇਣਾ ਪਿਆ। ਜਾਖੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਆਫ਼ ਕੀਤੇ ਜਾ ਰਹੇ ਕਰਜ਼ਿਆਂ ਤੋਂ ਕਿਸਾਨ ਪੂਰੀ ਤਰ੍ਹਾਂ ਖੁਸ਼ ਨਹੀਂ। ਪੰਜਾਬ ਸਰਕਾਰ ਦੇ ਕਰਜ਼ਾ ਮੁਆਫ਼ੀ ਯੋਜਨਾ ਵੀ ਸਿਆਸੀ ਨਾ ਹੋ ਕੇ ਪ੍ਰਸ਼ਾਸਨਿਕ ਹੀ ਬਣ ਕੇ ਰਹਿ ਗਈ ਹੈ। ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਕੈਪਟਨ ਸਰਕਾਰ ‘ਵੱਡੀਆਂ ਮੱਛੀਆਂ’ ਨੂੰ ਫੜੇ। ਬੇਅਦਬੀ ਦੇ ਮੁੱਦੇ ਬਾਰੇ ਜਾਖੜ ਨੇ ਕਿਹਾ ਕਿ 2015 ’ਚ ਵਾਪਰੀਆਂ ਇਨ੍ਹਾਂ ਘਟਨਾਵਾਂ ਦੇ ਮਾਮਲੇ ’ਚ ਵੱਡੀ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਲੋਕ ਲਗਾਤਾਰ ਬੇਅਦਬੀ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਤੋਂ ਸਪਸ਼ਟ ਹੈ ਕਿ ਕਾਂਗਰਸ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ। ਸੂਤਰਾਂ ਮੁਤਾਬਕ ਕੁਝ ਮੰਤਰੀ ਤੇ ਵਿਧਾਇਕ ਵੀ ਇਸ ਗੱਲ਼ ਤੋਂ ਖਫਾ ਹਨ ਕਿ ਸਰਕਾਰ ਜਿੰਨੇ ਵੱਡੇ ਵਾਅਦੇ ਤੇ ਦਾਅਵੇ ਕਰਕੇ ਆਈ ਸੀ, ਉਸ ਦੇ ਮੁਕਾਬਲੇ ਕਾਰਗੁਜ਼ਾਰੀ ਠੁੱਸ ਹੈ।
ਟ੍ਰੈਂਡਿੰਗ ਟੌਪਿਕ



















