ਚੰਡੀਗੜ੍ਹ: ਕਾਂਗਰਸ ਹਾਈ ਕਮਾਨ ਪੰਜਾਬ ਵਿੱਚ ਨਵਾਂ ਪ੍ਰਯੋਗ ਕਰ ਰਹੀ ਹੈ। ਇਸ ਤਹਿਤ ਪੰਜਾਬ ਕਾਂਗਰਸ ਦੀ ਕਮਾਨ ਰਾਜਾ ਵੜਿੰਗ ਨੂੰ ਸੌਂਪ ਕੇ ਕਾਂਗਰਸ ਹਾਈਕਮਾਂਡ ਨੇ ਸਿੱਧੂ ਪੱਖੀ ਤੇ ਸਿੱਧੂ ਵਿਰੋਧੀ ਧੜੇ ਵਿੱਚ ਵੰਡੀ ਸੂਬਾ ਇਕਾਈ ਨੂੰ ਨਵੀਂ ਦਿਸ਼ਾ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਵੇਖਣਾ ਹੋਏਗਾ ਕਿ ਹਾਈਕਮਾਨ ਦਾ ਇਹ ਫੈਸਲਾ ਕਾਂਗਰਸ ਨੂੰ ਇੱਕਜੁੱਟ ਕਰਨ ਵਿੱਚ ਕਿੰਨਾ ਕੁ ਸਫਲ ਰਹਿੰਦਾ ਹੈ।

ਦੂਜੇ ਪਾਸੇ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਕਰੀਬ ਇੱਕ ਮਹੀਨਾ ਬਾਅਦ ਹਾਈਕਮਾਂਡ ਦੇ ਇਸ ਫੈਸਲੇ ਨੇ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਸੋਨੀਆ ਗਾਂਧੀ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਲੈਣ ਤੋਂ ਬਾਅਦ ਵੀ ਸਿੱਧੂ ਇਨ੍ਹੀਂ ਦਿਨੀਂ ਮੁੜ ਪ੍ਰਧਾਨਗੀ ਹਾਸਲ ਕਰਨ ਲਈ ਲਾਬਿੰਗ ਕਰ ਰਹੇ ਸਨ। ਇਸ ਦੇ ਨਾਲ ਹੀ ਵਿਰੋਧੀ ਧੜਾ ਸਿੱਧੂ ਦੀ ਖੁੱਲ੍ਹ ਕੇ ਮੁਖਾਲਫਤ ਕਰ ਰਿਹਾ ਸੀ।

 
ਉਂਝ ਸਿੱਧੂ ਨੇ ਵੀ ਦਿੱਲੀ ਵਿੱਚ ਹਾਈਕਮਾਨ ਦੀਆਂ ਮੀਟਿੰਗਾਂ ਦੇ ਸਮਾਨਾਂਤਰ ਪੰਜਾਬ ਵਿੱਚ ਆਪਣੇ ਹਮਾਇਤੀ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ ਪਰ ਇਸ ਵਾਰ ਹਾਈਕਮਾਨ ਨੇ ਸਿੱਧੂ ਨੂੰ ਤਰਜੀਹ ਨਹੀਂ ਦਿੱਤੀ। ਵੀਰਵਾਰ ਨੂੰ ਚੰਡੀਗੜ੍ਹ 'ਚ ਮਹਿੰਗਾਈ ਖਿਲਾਫ ਪੰਜਾਬ ਕਾਂਗਰਸ ਦੇ ਧਰਨੇ ਦੌਰਾਨ ਜਨਤਕ ਤੌਰ 'ਤੇ ਨਵਜੋਤ ਸਿੱਧੂ ਤੇ ਬਰਿੰਦਰ ਢਿੱਲੋਂ ਨੇ ਸੂਬਾ ਕਾਂਗਰਸ ਦੀ ਲੜਾਈ ਨੂੰ ਸੜਕਾਂ 'ਤੇ ਲਿਆਂਦਾ।

 
ਇਹ ਵੀ ਸੱਚਾਈ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੁੱਖ ਕਾਰਨ ਅੰਦਰੂਨੀ ਲੜਾਈ ਤੇ ਧੜੇਬੰਦੀ ਨੂੰ ਮੰਨਿਆ ਜਾ ਰਿਹਾ ਹੈ। ਇਸ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੇ ਨਵਜੋਤ ਸਿੱਧੂ ਦੀ ਭੂਮਿਕਾ 'ਤੇ ਸਵਾਲ ਉਠਾਉਂਦਿਆਂ ਇਸ ਵਾਰ ਹਾਈਕਮਾਨ 'ਤੇ ਜ਼ਬਰਦਸਤ ਦਬਾਅ ਪਾਇਆ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਸਾਰੇ ਸੀਨੀਅਰ ਆਗੂਆਂ ਨੇ ਹਾਰ ਲਈ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਏਆਈਸੀਸੀ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਵੀ ਹਾਰ ਲਈ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਸੀ ਕਿ ਚੰਨੀ ਖਿਲਾਫ ਸਿੱਧੂ ਦੇ ਜਨਤਕ ਬਿਆਨਾਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਹਾਈਕਮਾਨ ਨੇ ਵੀ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

ਕਾਂਗਰਸ ਹਾਈਕਮਾਨ ਨੇ ਰਾਜਾ ਵੜਿੰਗ ਨੂੰ ਇਸ ਲਈ ਵੀ ਅਹਿਮੀਅਤ ਦਿੱਤੀ ਹੈ ਕਿ ਉਹ ਵੀ ਸਿੱਧੂ ਵਾਂਗ ਬੇਬਾਕ ਤੇ ਤੇਜ਼ ਤਰਾਰ ਲੀਡਰ ਮੰਨੇ ਜਾਂਦੇ ਹਨ। ਰਾਜ ਇਕਾਈ ਦੀ ਕਮਾਨ ਰਾਜਾ ਵੜਿੰਗ ਨੂੰ ਸੌਂਪਦਿਆਂ ਹਾਈਕਮਾਨ ਨੇ ਅੰਦਰੂਨੀ ਕਲੇਸ਼ ਖਤਮ ਕਰਨ ਦੀ ਵੀ ਰਣਨੀਤੀ ਘੜੀ ਹੈ। ਖਾਸ ਗੱਲ ਇਹ ਹੈ ਕਿ ਨਵਜੋਤ ਸਿੱਧੂ ਵਾਂਗ ਰਾਜਾ ਵੜਿੰਗ ਵੀ ਰਾਹੁਲ ਗਾਂਧੀ ਦੀ ਪਸੰਦ ਰਹੇ ਹਨ ਤੇ ਦੋਵੇਂ ਹੀ ਰਾਹੁਲ ਦੇ ਕਰੀਬੀ ਦੋਸਤਾਂ 'ਚ ਗਿਣੇ ਜਾਂਦੇ ਹਨ।

ਕੈਪਟਨ ਤੇ ਚੰਨੀ ਦੇ ਮੁੱਖ ਮੰਤਰੀ ਕਾਲ ਦੌਰਾਨ ਸਿੱਧੂ ਨੂੰ ਰਾਹੁਲ ਗਾਂਧੀ ਦੀ ਨੇੜਤਾ ਹਾਸਲ ਸੀ, ਜਿਸ ਕਾਰਨ ਸਿੱਧੂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਲੱਗੇ ਸਨ। ਇਸ ਦੌਰਾਨ ਰਾਹੁਲ ਨੇ ਸਿੱਧੂ ਖਿਲਾਫ ਸ਼ਿਕਾਇਤਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਪਰ ਵਿਧਾਨ ਸਭਾ ਚੋਣਾਂ ਦੌਰਾਨ ਹਵਾ ਹੀ ਬਦਲ ਗਈ। ਸਿੱਧੂ ਨਾ ਤਾਂ ਆਪਣੀ ਸੀਟ ਬਚਾ ਸਕੇ ਤੇ ਨਾ ਹੀ ਪਾਰਟੀ ਦਾ ਕੋਈ ਭਲਾ ਕਰ ਸਕੇ। ਰਾਜਾ ਵੜਿੰਗ ਨੂੰ ਰਾਹੁਲ ਗਾਂਧੀ ਨੇ ਭਾਰਤੀ ਯੂਥ ਕਾਂਗਰਸ ਦੀ ਅਗਵਾਈ ਕਰਨ ਲਈ ਚੁਣਿਆ ਸੀ। ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਦੀ ਚੋਣ 'ਚ ਰਾਹੁਲ ਗਾਂਧੀ ਦੀ ਅਹਿਮ ਭੂਮਿਕਾ ਰਹੀ ਹੈ।

 

ਸੂਤਰਾਂ ਮੁਤਾਬਕ ਜਿਸ ਤਰ੍ਹਾਂ ਸਿੱਧੂ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਹਾਈਕਮਾਂਡ 'ਤੇ ਦਬਾਅ ਵਧਾ ਰਹੇ ਹਨ, ਉਸ ਨਾਲ ਪਾਰਟੀ ਦੇ ਟੁੱਟਣ ਦੀ ਸੰਭਾਵਨਾ ਵਧਣ ਲੱਗੀ ਸੀ। ਪ੍ਰਧਾਨ ਦੇ ਅਹੁਦੇ ਲਈ ਸਿੱਧੂ ਤੋਂ ਇਲਾਵਾ ਪ੍ਰਤਾਪ ਬਾਜਵਾ, ਰਵਨੀਤ ਬਿੱਟੂ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੀਨੀਅਰ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਸਨ, ਜਿਨ੍ਹਾਂ ਨੇ ਸਿੱਧੂ ਵਾਂਗ ਆਪਣੇ ਹੱਕ ਵਿੱਚ ਸਮਰਥਕਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।

ਜਿੱਥੇ ਸਿੱਧੂ ਤਾਕਤ ਦੇ ਪ੍ਰਦਰਸ਼ਨ ਵਿੱਚ ਰੁੱਝੇ ਰਹੇ, ਉੱਥੇ ਹੀ ਬਾਕੀ ਦਾਅਵੇਦਾਰਾਂ ਨੇ ਸੂਬਾ ਇਕਾਈ ਦੇ ਅੰਦਰੂਨੀ ਤੇ ਵਿਗੜ ਰਹੇ ਹਾਲਾਤ ਬਾਰੇ ਹਾਈਕਮਾਂਡ ਨੂੰ ਲਗਾਤਾਰ ਜਾਣਕਾਰੀ ਦੇਣ ਲਈ ਦਿੱਲੀ ਦੇ ਗੇੜੇ ਲਾਏ। ਸੁਖਜਿੰਦਰ ਰੰਧਾਵਾ ਵੱਲੋਂ ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ ਸਿੱਧੂ ਖਿਲਾਫ ਵਰਤੀ ਗਈ ਸ਼ਬਦਾਵਲੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਹਾਈਕਮਾਂਡ ਨੇ ਇਸ ਵਾਰ ਵੀ ਸਿੱਧੂ ਦਾ ਪੱਖ ਲਿਆ ਤਾਂ ਕਈ ਸੀਨੀਅਰ ਆਗੂ ਪਾਰਟੀ ਛੱਡ ਦੇਣਗੇ।