ਗੁਰਦਾਸਪੁਰ: ਸੰਨੀ ਦਿਓਲ ਖ਼ਿਲਾਫ਼ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਹ ਸ਼ਿਕਾਇਤ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਦਿੱਤੀ ਹੈ। ਸੇਖੜੀ ਨੇ ਸਮਰਥਕਾਂ ਨਾਲ ਰਲ ਕੇ ਸੰਨੀ ਦਿਓਲ ਦਾ ਪੁਤਲਾ ਵੀ ਫੂਕਿਆ।


ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਨੇ ਕਿਹਾ ਕਿ ਬੀਤੇ ਕੱਲ੍ਹ ਕੱਢੇ ਆਪਣੇ ਰੋਡ ਸ਼ੋਅ ਦੌਰਾਨ ਸੰਨੀ ਦਿਓਲ ਨੇ ਭਗਵਾਨ ਸ਼ਿਵ ਸ਼ੰਕਰ ਦੀ ਤਸਵੀਰ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਡ ਸ਼ੋਅ ਦੌਰਾਨ ਸੰਨੀ ਜਿਸ ਟਰੱਕ 'ਤੇ ਚੜ੍ਹ ਕੇ ਬੈਠਾ ਸੀ ਉਸ ਦੇ ਸਿਖਰ 'ਤੇ ਭਗਵਾਨ ਸ਼ਿਵ ਦੀ ਤਸਵੀਰ ਲੱਗੀ ਸੀ ਅਤੇ ਸੰਨੀ ਉਸ ਤਸਵੀਰ ਦੇ ਉੱਪਰਲੇ ਪਾਸੇ ਜੁੱਤੇ ਪਹਿਨ ਕੇ ਬੈਠਾ ਸੀ।

ਸੇਖੜੀ ਨੇ ਮੰਗ ਕੀਤੀ ਕਿ ਸੰਨੀ ਦਿਓਲ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਕਿਉਂਕਿ ਉਹ ਸ਼ਿਵ ਸ਼ੰਕਰ ਦੀ ਤਸਵੀਰ 'ਤੇ ਜੁੱਤੇ ਲੈ ਕੇ ਬੈਠੇ ਰਹੇ ਸਨ। ਸੇਖੜੀ ਨੇ ਆਪਣੇ ਸਮਰਥਕਾਂ ਨਾਲ ਰਲ ਕੇ ਬਟਾਲਾ ਦੇ ਨਹਿਰੂ ਗੇਟ ਦੇ ਸਾਹਮਣੇ ਸੰਨੀ ਦਿਓਲ ਦਾ ਪੁਤਲਾ ਵੀ ਫੂਕਿਆ।