ਰਜਨੀਸ਼ ਕੌਰ ਦੀ ਰਿਪੋਰਟ 


Punjab News: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਭਾਵ 26 ਜਨਵਰੀ ਨੂੰ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ। ਸਿੱਧੂ ਦੀ ਟੀਮ ਨੇ ਨਵਜੋਤ ਸਿੱਧੂ ਦੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ। ਇਸ ਨਾਲ ਹੀ ਅੱਜ ਦਾ ਰੂਟ ਮੈਪ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਰਾਹੀਂ ਸਿੱਧੂ ਪਟਿਆਲਾ ਜੇਲ੍ਹ ਤੋਂ ਆਪਣੇ ਘਰ ਪਟਿਆਲਾ ਪਹੁੰਚਣਗੇ। ਇਸ ਰੂਟ ਮੈਪ ਮੁਤਾਬਕ ਨਵਜੋਤ ਸਿੱਧੂ ਕੇਂਦਰੀ ਜੇਲ੍ਹ ਤੋਂ ਨਿਕਲ ਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਾਣਗੇ। ਇਸ ਤੋਂ ਬਾਅਦ ਖੰਡਾ ਚੌਕ ਤੋਂ ਲੀਲਾ ਭਵਨ, ਫੁਹਾਰਾ ਚੌਕ ਤੋਂ ਹੁੰਦਾ ਹੋਇਆ ਸ਼ੇਰਾਂ ਵਾਲੇ ਗੇਟ ਕੋਲ ਆਪਣੇ ਘਰ ਪਹੁੰਚੇਗਾ।


ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਸਮਰਥਕਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ 


ਦਰਅਸਲ, ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਵੀਰਵਾਰ ਨੂੰ ਪਟਿਆਲਾ ਵਿੱਚ ਸਾਬਕਾ ਕ੍ਰਿਕਟਰ ਦੇ ਸਵਾਗਤ ਲਈ ਤਿਆਰੀਆਂ ਕਰ ਲਈਆਂ ਹਨ। ਹਾਲਾਂਕਿ ਗਣਤੰਤਰ ਦਿਵਸ ਮੌਕੇ ਸਿੱਧੂ ਦੀ ਸਮੇਂ ਤੋਂ ਪਹਿਲਾਂ ਰਿਹਾਈ ਬਾਰੇ ਪੰਜਾਬ ਸਰਕਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸਿੱਧੂ 1988 ਦੇ ‘ਰੋਡ ਰੇਜ’ ਕੇਸ ਵਿੱਚ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਿਹਾ ਹੈ। ‘ਰੋਡ ਰੇਜ’ ਦੀ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਮੀਡੀਆ ਦੇ ਇੱਕ ਹਿੱਸੇ ਵਿੱਚ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਿੱਧੂ ਉਨ੍ਹਾਂ 50 ਕੈਦੀਆਂ ਵਿੱਚ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੂੰ ਗਣਤੰਤਰ ਦਿਵਸ 'ਤੇ ਵਿਸ਼ੇਸ਼ ਛੋਟ ਦਿੱਤੀ ਜਾ ਸਕਦੀ ਹੈ।


30 ਜਨਵਰੀ ਨੂੰ ਰੈਲੀ 'ਚ ਜਾਣ ਦੀ ਹੈ ਸੰਭਾਵਨਾ 


ਇਸ ਦੇ ਨਾਲ ਹੀ ਸਿੱਧੂ ਦੀ ਰਿਹਾਈ 'ਤੇ ਸੂਬਾ ਸਰਕਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੂੰ ਵੀਰਵਾਰ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ 30 ਜਨਵਰੀ ਨੂੰ ਰਾਹੁਲ ਗਾਂਧੀ ਦੀ ਸ੍ਰੀਨਗਰ ਰੈਲੀ ਲਈ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਗਿਆ ਹੈ। ਜੇਲ੍ਹ ਤੋਂ ਬਾਹਰ ਆਇਆ ਤਾਂ ਰੈਲੀ 'ਚ ਜਾਵੇਗਾ। ਜੇਲ੍ਹ ਵਿੱਚ ਹੋਣ ਕਾਰਨ ਉਹ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਨਹੀਂ ਲੈ ਸਕੇ।


ਟੀਮ ਸਿੱਧੂ ਵੱਲੋਂ ਜਾਰੀ ਕੀਤਾ ਗਿਆ ਇਹ ਰੂਟ ਪਲਾਨ 


ਨਵਜੋਤ ਸਿੱਧੂ ਕੇਂਦਰੀ ਜੇਲ੍ਹ ਛੱਡ ਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਾਣਗੇ। ਇਸ ਤੋਂ ਬਾਅਦ ਖੰਡਾ ਚੌਕ ਤੋਂ ਲੀਲਾ ਭਵਨ, ਫੁਹਾਰਾ ਚੌਕ ਤੋਂ ਹੁੰਦਾ ਹੋਇਆ ਸ਼ੇਰਾਂ ਵਾਲੇ ਗੇਟ ਕੋਲ ਆਪਣੇ ਘਰ ਪਹੁੰਚੇਗਾ।


ਸਰਕਾਰ ਦੁਆਰਾ ਨਹੀਂ ਕੀਤੀ ਗਈ ਪੁਸ਼ਟੀ 


ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸਰਕਾਰ 26 ਜਨਵਰੀ ਨੂੰ 51 ਕੈਦੀਆਂ ਨੂੰ ਰਿਹਾਅ ਕਰ ਸਕਦੀ ਹੈ, ਜਿਸ ਵਿਚ ਸਿੱਧੂ ਦਾ ਨਾਂ ਵੀ ਆ ਸਕਦਾ ਹੈ। ਹਾਲਾਂਕਿ ਇਹ ਸੂਚੀ ਅਜੇ ਜਨਤਕ ਨਹੀਂ ਕੀਤੀ ਗਈ ਹੈ।