ਆਪਣੇ ਸੰਬੋਧਨ ਦੌਰਾਨ ਜ਼ੀਰਾ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਅਤੇ ਮੰਚ ਤੋਂ ਸਾਰਿਆਂ ਸਾਹਮਣੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਤੇ ਉੱਥੋਂ ਚਲੇ ਗਏ। ਇਹ ਦੇਖ ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਡੌਰ-ਭੌਰ ਹੋ ਗਏ। ਵਿਧਾਇਕ ਜ਼ੀਰਾ ਨੇ ਆਪਣੇ ਭਾਸ਼ਣ ਦੌਰਾਨ ਹੀ ਮਨਪ੍ਰੀਤ ਬਾਦਲ ਸਾਹਮਣੇ ਨਸ਼ਾ ਤਸਕਰਾਂ ਦੇ ਨਾਂਅ ਵੀ ਬੋਲੇ। ਜ਼ੀਰਾ ਨੇ ਵਿੱਤ ਮੰਤਰੀ ਵੱਲੋਂ ਸਰਪੰਚਾਂ ਤੇ ਪੰਚਾਂ ਨੂੰ ਚੁਕਾਈ ਜਾਣ ਵਾਲੀ ‘ਸਹੁੰ’ ਨੂੰ ਝੂਠੀ ਸਹੁੰ ਦੱਸਿਆ ਅਤੇ ਨਾਅਰੇ ਲਗਾਉਂਦੇ ਹੋਏ ਸਮਾਗਮ ਦਾ ਬਾਈਕਾਟ ਕੀਤਾ।
ਸਬੰਧਤ ਖ਼ਬਰ: ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਜਾਗਿਆ MLA ਦਾ ਜ਼ਮੀਰ, ਕੈਪਟਨ ਤੇ ਪੁਲਿਸ ਨੂੰ ਨਸ਼ਾ ਖ਼ਤਮ ਕਰਨ 'ਚ ਨਾਕਾਮ ਦੱਸ ਕੀਤਾ ਬਾਈਕਾਟ
ਕੁਲਬੀਰ ਸਿੰਘ ਜ਼ੀਰਾ ਨੇ ਸਮਾਗਮ ਸਥਾਨ ਤੋਂ ਬਾਹਰ ਆ ਕੇ ਕਿਹਾ ਕਿ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਜਿਹੇ ਅਧਿਕਾਰੀ ਨਸ਼ੇ ਤੋਂ ਮੁਕਤੀ ਨਹੀਂ ਦਿਵਾ ਸਕਦੇ ਕਿਉਂਕਿ ਉਹ ਅਪਰਾਧੀ ਕਿਸਮ ਦੇ ਲੋਕਾਂ ਦੀ ਮਦਦ ਕਰਦੇ ਹਨ। ਉਨ੍ਹਾਂ ਪੁਲਿਸ ’ਤੇ ਦੋਸ਼ ਲਗਾਇਆ ਕਿ ਉਹ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈ ਕੇ ਛੱਡ ਦਿੰਦੀ ਹੈ।
ਸਮਾਗਮ ਉਪਰੰਤ ਮੀਡੀਆ ਨੇ ਜਦ ਆਈਜੀ ਛੀਨਾ ਤੋਂ ਵਿਧਾਇਕ ਵੱਲੋਂ ਲਾਏ ਦੋਸ਼ਾਂ ਬਾਰੇ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਐਮਐਲਏ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾ ਲੈਣ। ਕੈਪਟਨ ਸਰਕਾਰ ਦੇ ਦੋ ਸਾਲ ਲੰਮੇ ਕਾਰਜਕਾਲ ਦੌਰਾਨ ਇਹ ਪਹਿਲਾ ਮੌਕਾ ਹੈ ਜਦ ਵਿਰੋਧੀਆਂ ਤੋਂ ਬਾਅਦ ਪਾਰਟੀ ਦੇ ਹੀ ਵਿਧਾਇਕ ਨੇ ਨਸ਼ਿਆਂ 'ਤੇ ਮੰਦੀ ਕਾਰਗੁਜ਼ਾਰੀ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਆਪਣੀ ਹੀ ਪਾਰਟੀ ਦੇ ਅਜਿਹੇ ਦਾਅਵੇ ਨਾਲ ਕੈਪਟਨ ਸਰਕਾਰ ਦੀ ਨਸ਼ਿਆਂ ਵਿਰੁੱਧ ਸਖ਼ਤੀ ਦੇ ਦਾਅਵੇ ਵੀ ਠੁੱਸ ਹੁੰਦੇ ਜਾਪਦੇ ਹਨ।
ਦੇਖੋ ਵੀਡੀਓ-