ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਭੁਪਿੰਦਰ ਸਿੰਘ ਬਰਾੜ ਦੀ ਸ਼ਨੀਵਾਰ ਰਾਤ ਫਾਜ਼ਿਲਕਾ-ਅਬੋਹਰ ਰੋਡ 'ਤੇ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦੀ ਕਾਰ ਪਿੰਡ ਘੱਲੂ ਨੇੜੇ ਲੱਕੜ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਫਾਜ਼ਿਲਕਾ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਰਾਜਾ ਵੜਿੰਗ ਦੇ ਪੀਏ ਭੁਪਿੰਦਰ ਸਿੰਘ ਬਰਾੜ ਸ਼ਨੀਵਾਰ ਰਾਤ ਆਪਣੀ ਕਾਰ 'ਚ ਅਬੋਹਰ ਤੋਂ ਫਾਜ਼ਿਲਕਾ ਜਾ ਰਹੇ ਸਨ। ਪਿੰਡ ਘੱਲੂ ਨੇੜੇ ਉਸ ਦੀ ਕਾਰ ਲੱਕੜ ਦੀ ਟਰਾਲੀ ਨਾਲ ਟਕਰਾ ਗਈ। ਹਾਦਸੇ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ। ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 


ਬਰਾੜ ਨੂੰ ਹਸਪਤਾਲ ਲੈ ਕੇ ਆਏ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਭੁਪਿੰਦਰ ਸਿੰਘ ਜ਼ਖਮੀ ਸੀ ਤੇ ਬੇਹੋਸ਼ ਹੋ ਚੁੱਕਾ ਸੀ। ਉਸ ਨੂੰ ਤੁਰੰਤ ਇਲਾਜ ਦੀ ਲੋੜ ਸੀ ਪਰ ਉੱਥੇ ਮੌਜੂਦ ਕੁਝ ਲੋਕ ਆਪਣੇ ਮੋਬਾਈਲਾਂ ਤੋਂ ਫੋਟੋਆਂ ਤੇ ਵੀਡੀਓ ਬਣਾ ਰਹੇ ਸਨ। ਉਸ ਨੂੰ ਹਸਪਤਾਲ ਭੇਜਣ ਲਈ ਕੋਈ ਅੱਗੇ ਨਹੀਂ ਆਇਆ।


ਫਾਜ਼ਿਲਕਾ ਦੇ ਡੀਐਸਪੀ ਜੋਰਾ ਸਿੰਘ ਨੇ ਦੱਸਿਆ ਕਿ ਅਬੋਹਰ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਬਰਾੜ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੀਏ ਸੀ। 


ਉਨ੍ਹਾਂ ਦੱਸਿਆ ਕਿ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ। ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਤੇ ਐਫਐਸਐਲ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ।