ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਪਾਰਟੀ ਲਈ ਝਟਕਿਆਂ ਦਾ ਦੌਰ ਜਾਰੀ ਹੈ। ਸ਼ਨੀਵਾਰ ਨੂੰ ਪਾਰਟੀ ਦੇ ਚਾਰ ਦਿੱਗਜ ਨੇਤਾ ਭਾਜਪਾ 'ਚ ਸ਼ਾਮਲ ਹੋ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਨੇ ਕਾਂਗਰਸ 'ਚ ਫੁੱਟ ਲਈ ਆਪਣੇ ਸਾਬਕਾ ਸਹਿਯੋਗੀ ਤੇ ਭਾਜਪਾ ਨੇਤਾ ਸੁਨੀਲ ਜਾਖੜ 'ਤੇ ਨਿਸ਼ਾਨਾ ਸਾਧਿਆ ਹੈ। ਅਮਰਿੰਦਰ ਸਿੰਘ ਰਾਜਾ ਨੇ ਸੁਨੀਲ ਜਾਖੜ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਣੇ ਭਤੀਜੇ ਨੂੰ ਵਿਧਾਇਕ ਦਾ ਅਹੁਦਾ ਛੱਡਣ ਲਈ ਕਹਿਣ।



ਅਮਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਸੁਨੀਲ ਜਾਖੜ ਨੇ ਆਪਣੇ ਆਪ ਨੂੰ ਵੱਡਾ ਨੇਤਾ ਸਮਝ ਲਿਆ ਹੈ। ਉਨ੍ਹਾਂ ਕਿਹਾ, ''ਜੇਕਰ ਸੁਨੀਲ ਜਾਖੜ ਨੂੰ ਲੱਗਦਾ ਹੈ ਕਿ ਉਹ ਇਕ ਵੱਡੇ ਅਤੇ ਹਰਮਨ ਪਿਆਰੇ ਨੇਤਾ ਹਨ ਤਾਂ ਉਹ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਅਬੋਹਰ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਕਿਉਂ ਨਹੀਂ ਕਰਦੇ? ਉਹ ਜਾਣਦੇ ਹਨ ਕਿ ਸੰਦੀਪ ਜ਼ਿਮਨੀ ਚੋਣ ਨਹੀਂ ਜਿੱਤ ਸਕਣਗੇ।

ਮੰਨਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਨੇ ਕਾਂਗਰਸੀ ਆਗੂਆਂ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਅਮਰਿੰਦਰ ਸਿੰਘ ਰਾਜਾ ਨੇ ਕਿਹਾ, “ਜਿਹੜੇ ਆਗੂ ਵੀ ਛੱਡ ਰਹੇ ਹਨ, ਉਹ ਕਾਂਗਰਸ ਲਈ ਚੰਗਾ ਹੈ। ਇਨ੍ਹਾਂ ਆਗੂਆਂ ਦੇ ਜਾਣ ਨਾਲ ਮੈਨੂੰ ਅਤੇ ਪੰਜਾਬ ਦੇ ਜ਼ਮੀਨੀ ਪੱਧਰ 'ਤੇ ਬੈਠੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।

ਦਿੱਗਜ ਆਗੂ ਵਿਧਾਨ ਸਭਾ ਚੋਣਾਂ ਹਾਰ ਗਏ
ਅਮਰਿੰਦਰ ਸਿੰਘ ਰਾਜਾ ਨੇ ਕਰੜੇ ਹੱਥੀਂ ਲੈਂਦਿਆਂ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ''ਇਨ੍ਹਾਂ ਨੇਤਾਵਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਲਈ ਵਧਾਈ। ਇਹ ਆਗੂ ਇਲੀਟ ਕਲੱਬ ਤੋਂ ਆਏ ਹਨ। ਪਰ ਹੁਣ ਉਨ੍ਹਾਂ ਦੇ ਜਾਣ ਨਾਲ ਪਾਰਟੀ ਵਿੱਚ ਨਵੀਂ ਥਾਂ ਪੈਦਾ ਹੋ ਗਈ ਹੈ। ਇਸ ਥਾਂ ਦੀ ਵਰਤੋਂ ਨੌਜਵਾਨ ਆਗੂਆਂ ਨੂੰ ਤਿਆਰ ਕਰਨ ਲਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਸ਼ਨੀਵਾਰ ਨੂੰ ਕਾਂਗਰਸੀ ਆਗੂ ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ, ਰਾਜ ਕੁਮਾਰ ਵੇਰਕਾ ਅਤੇ ਸ਼ਾਮ ਸੁੰਦਰ ਅਰੋੜਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਸਾਰੇ ਆਗੂਆਂ ਨੂੰ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ।